ਮੈਲਬੌਰਨ (ਮਨਦੀਪ ਸਿੰਘ ਸੈਣੀ )- ਜਦੋਂ ਮੈਦਾਨ ਵਿੱਚ ਖੇਡਾਂ ਦਾ ਉਤਸ਼ਾਹ ਹੋਵੇ, ਦਿਲਾਂ ਵਿੱਚ ਭਾਈਚਾਰਕ ਸਾਂਝ ਦੀ ਤਾਰ ਖੜਕਦੀ ਹੋਵੇ ਅਤੇ ਇੱਕੋ ਛੱਤ ਹੇਠ ਤਿੰਨ ਪੀੜ੍ਹੀਆਂ ਰਲ ਕੇ ਖੇਡ ਰਹੀਆਂ ਹੋਣ—ਤਾਂ ਉਹ ਮਹਿਜ਼ ਇੱਕ ਟੂਰਨਾਮੈਂਟ ਨਹੀਂ ਰਹਿੰਦਾ, ਸਗੋਂ ਪਰਿਵਾਰਕ ਤੇ ਸਮਾਜਿਕ ਮਿਲਣੀ ਦਾ ਇੱਕ ਅਟੁੱਟ ਯਾਦਗਾਰੀ ਇਤਿਹਾਸ ਬਣ ਜਾਂਦਾ ਹੈ। ਅਜਿਹਾ ਹੀ ਸ਼ਾਨਦਾਰ ਦ੍ਰਿਸ਼ ਮੈਲਬੌਰਨ ਦੇ ਪਲੰਪਟਨ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਖੇਡਾਂ ਦੀ ਰੌਣਕ, ਅਨੁਸ਼ਾਸਨ ਦਾ ਸੁਨੇਹਾ ਅਤੇ ਆਪਸੀ ਏਕਤਾ ਦਾ ਜਜ਼ਬਾ ਆਪਣੇ ਸਿਖ਼ਰਾਂ 'ਤੇ ਸੀ।


ਪਲੰਪਟਨ ਸਥਿਤ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ ਵਿਖੇ ਖ਼ਾਲਸਾ ਛਾਉਣੀ ਸਪੋਰਟਸ ਕਲੱਬ ਅਤੇ ਪੰਜਾਬੀ ਸਕੂਲ ਦੇ ਸਾਂਝੇ ਯਤਨਾਂ ਨਾਲ 12ਵਾਂ ਸਾਲਾਨਾ ਖੇਡ ਟੂਰਨਾਮੈਂਟ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ। ਇਸ ਖੇਡ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ 5 ਸਾਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਫੁਰਤੀ ਅਤੇ ਸਰੀਰਕ ਸਮਰੱਥਾ ਨੂੰ ਪਰਖਣ ਲਈ ਦੌੜਾਂ, ਰਿਲੇਅ ਦੌੜ ਅਤੇ ਲੰਮੀ ਛਾਲ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਰੱਸਾਕੱਸੀ ਦੇ ਫਸਵੇਂ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ, ਜੋ ਆਪਸੀ ਤਾਲਮੇਲ ਅਤੇ ਟੀਮ ਭਾਵਨਾ ਦਾ ਪ੍ਰਤੀਕ ਬਣੇ। ਬਾਸਕਟਬਾਲ ਦਾ ਇੱਕ ਵਿਸ਼ੇਸ਼ ਪ੍ਰਦਰਸ਼ਨੀ ਮੈਚ ਵੀ ਖਿੱਚ ਦਾ ਕੇਂਦਰ ਰਿਹਾ, ਜਦਕਿ ਮਿਊਜ਼ਿਕਲ ਚੇਅਰ, ਚਾਟੀ ਦੌੜ, ਗੋਲਾ ਸੁੱਟਣਾ ਅਤੇ ਡੰਡ ਬੈਠਕਾਂ ਵਰਗੀਆਂ ਰਵਾਇਤੀ ਗਤੀਵਿਧੀਆਂ ਨੇ ਸਭ ਦਾ ਭਰਪੂਰ ਮਨੋਰੰਜਨ ਕੀਤਾ। ਲੜਕੇ ਅਤੇ ਲੜਕੀਆਂ ਲਈ ਉਮਰ ਦੇ ਹਿਸਾਬ ਨਾਲ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਰੱਖੇ ਗਏ ਸਨ, ਤਾਂ ਜੋ ਹਰ ਇੱਕ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਬਰਾਬਰ ਮੌਕਾ ਮਿਲ ਸਕੇ।

ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਗੁਰਬਾਣੀ ਕੰਠ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ
ਪ੍ਰੋਗਰਾਮ ਦੇ ਅੰਤ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਭਾਈਚਾਰੇ ਨਾਲ ਜੋੜਨ ਦੇ ਨਾਲ-ਨਾਲ ਅਨੁਸ਼ਾਸਨ ਤੇ ਆਪਸੀ ਸਤਿਕਾਰ ਦੀ ਭਾਵਨਾ ਵੀ ਦ੍ਰਿੜ੍ਹ ਕਰਵਾਉਂਦੇ ਹਨ। ਸਮਾਗਮ ਦੀ ਸਫ਼ਲਤਾ ਲਈ ਪ੍ਰਬੰਧਕੀ ਟੀਮ, ਸੇਵਾਦਾਰਾਂ, ਸਹਿਯੋਗੀਆਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਬਿਹਤਰੀਨ ਸਹਿਯੋਗ ਨਾਲ ਇਹ ਵੱਡਾ ਖੇਡ ਮੇਲਾ ਨਿਰਵਿਘਨ ਅਤੇ ਨਿਯਮਬੱਧ ਢੰਗ ਨਾਲ ਨੇਪਰੇ ਚੜ੍ਹਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ
NEXT STORY