ਲਾਸ ਏਂਜਲਸ – ਅਮਰੀਕਾ ਦੇ ਲਾਸ ਏਂਜਲਸ ਵਿਚ ਸੋਸ਼ਲ ਮੀਡੀਆ ਕੰਪਨੀਆਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਇਕ ਬੇਹੱਦ ਅਹਿਮ ਮੁਕੱਦਮਾ ਸ਼ੁਰੂ ਹੋਣ ਜਾ ਰਿਹਾ ਹੈ। ਕੈਲੀਫੋਰਨੀਆ ਦੀ ਇਕ 19 ਸਾਲਾ ਮੁਟਿਆਰ ਨੇ ਮੈਟਾ, ਟਿਕਟਾਕ ਤੇ ਯੂ-ਟਿਊਬ ਵਰਗੇ ਪਲੇਟਫਾਰਮਾਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਐਪਸ ਦੀ ਲਤ ਨੇ ਉਸ ਨੂੰ ਡੂੰਘੀ ਨਿਰਾਸ਼ਾ (ਡਿਪ੍ਰੈਸ਼ਨ) ਵਿਚ ਧੱਕ ਦਿੱਤਾ ਅਤੇ ਉਸ ਦੇ ਮਨ ਵਿਚ ਖੁਦਕੁਸ਼ੀ ਵਰਗੇ ਖਤਰਨਾਕ ਵਿਚਾਰ ਆਉਣ ਲੱਗੇ। ਇਸ ਕੇਸ ਨੂੰ ਟੈੱਕ ਇੰਡਸਟਰੀ ਲਈ ਇਕ ‘ਟਰਨਿੰਗ ਪੁਆਇੰਟ’ ਮੰਨਿਆ ਜਾ ਰਿਹਾ ਹੈ।
ਲਤ ਪੈਦਾ ਕਰਨ ਵਾਲੇ ਫੀਚਰਸ ’ਤੇ ਸਵਾਲ
ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਜਾਣ-ਬੁੱਝ ਕੇ ਅਜਿਹੇ ਐਲਗੋਰਿਦਮ ਤੇ ਫੀਚਰਸ ਵਿਕਸਿਤ ਕੀਤੇ ਹਨ, ਜਿਨ੍ਹਾਂ ਦਾ ਮਕਸਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਸਕ੍ਰੀਨ ਨਾਲ ਜੋੜੀ ਰੱਖਣਾ ਹੈ। ਮੁਟਿਆਰ ਦਾ ਕਹਿਣਾ ਹੈ ਕਿ ਲਗਾਤਾਰ ਨੋਟੀਫਿਕੇਸ਼ਨ, ਸਕ੍ਰੋਲ ਅਤੇ ਕੰਟੈਂਟ ਰਿਕਮੈਂਡੇਸ਼ਨ ਨੇ ਉਸ ਦੀ ਮਾਨਸਿਕ ਸਿਹਤ ’ਤੇ ਡੂੰਘਾ ਅਸਰ ਪਾਇਆ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇਸ ਲਈ ਅਹਿਮ ਹੈ ਕਿਉਂਕਿ ਇਹ ਉਨ੍ਹਾਂ ਹਜ਼ਾਰਾਂ ਮੁਕੱਦਮਿਆਂ ਵਿਚੋਂ ਪਹਿਲਾ ਹੈ, ਜਿਨ੍ਹਾਂ ਵਿਚ ਪਰਿਵਾਰਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਜ਼ਿੰਮੇਵਾਰ ਠਹਿਰਾਇਆ ਹੈ।
ਮਹੀਨਿਆਂ ਤੱਕ ਚੱਲ ਸਕਦਾ ਹੈ ਟ੍ਰਾਇਲ
ਬੁੱਧਵਾਰ ਤੋਂ ਜਿਊਰੀ ਚੋਣ ਪ੍ਰਕਿਰਿਆ ਦੇ ਨਾਲ ਇਸ ਮੁਕੱਦਮੇ ਦੀ ਰਸਮੀ ਸ਼ੁਰੂਆਤ ਹੋਈ। ਕਾਨੂੰਨੀ ਮਾਹਿਰਾਂ ਅਨੁਸਾਰ ਇਹ ਟ੍ਰਾਇਲ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ ਕਿਉਂਕਿ ਇਸ ਵਿਚ ਦੋ ਲੈਵਲਾਂ ’ਤੇ ਸੁਣਵਾਈ ਹੋਵੇਗੀ। ਪਹਿਲੇ ਲੈਵਲ ’ਤੇ ਸੂਬਾ ਪੱਧਰ ਦੇ ਮੁਕੱਦਮੇ ਸ਼ਾਮਲ ਹਨ, ਜੋ ਪੀੜਤ ਪਰਿਵਾਰਾਂ ਨੇ ਦਾਇਰ ਕੀਤੇ ਹਨ। ਦੂਜੇ ਸੰਘੀ ਪੱਧਰ ਦੇ ਮੁਕੱਦਮੇ ਹਨ, ਜਿਨ੍ਹਾਂ ਵਿਚ ਪਰਿਵਾਰਾਂ ਦੇ ਨਾਲ-ਨਾਲ ਸਕੂਲ, ਸੂਬਿਆਂ ਦੇ ਅਟਾਰਨੀ ਜਨਰਲ ਅਤੇ ਨੇਟਿਵ ਅਮਰੀਕੀ ਕਬੀਲੇ ਵੀ ਸ਼ਾਮਲ ਹਨ।
ਟੈੱਕ ਦਿੱਗਜਾਂ ਦੀ ਹੋਵੇਗੀ ਪੇਸ਼ੀਇਸ ਹਾਈ-ਪ੍ਰੋਫਾਈਲ ਕੇਸ ਵਿਚ ਟੈੱਕ ਇੰਡਸਟਰੀ ਦੇ ਵੱਡੇ ਨਾਂ ਵੀ ਅਦਾਲਤ ਵਿਚ ਗਵਾਹੀ ਦੇਣਗੇ। ਮੈਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਅਤੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਦੇ ਬਿਆਨ ਦਰਜ ਕੀਤੇ ਜਾਣੇ ਹਨ। ਹਾਲਾਂਕਿ ਸਨੈਪ ਦੇ ਸੀ. ਈ. ਓ. ਇਵਾਨ ਸਪੀਗਲ ਨੇ ਵੀ ਗਵਾਹੀ ਦੇਣੀ ਸੀ ਪਰ ਸਨੈਪ ਨੇ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਝੌਤਾ ਕਰ ਲਿਆ। ਇਸ ਦੇ ਬਾਵਜੂਦ ਕੰਪਨੀ ਹੋਰ ਮਾਮਲਿਆਂ ਵਿਚ ਅਜੇ ਵੀ ਕਾਨੂੰਨੀ ਲੜਾਈ ਦਾ ਸਾਹਮਣਾ ਕਰ ਰਹੀ ਹੈ।
ਆਨਲਾਈਨ ਸੁਰੱਖਿਆ ’ਤੇ ਵੱਡਾ ਫੈਸਲਾ ਸੰਭਵ–ਇਹ ਮੁਕੱਦਮਾ ਸਿਰਫ ਇਕ ਮੁਟਿਆਰ ਦੀ ਸ਼ਿਕਾਇਤ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਤੈਅ ਕਰ ਸਕਦਾ ਹੈ ਕਿ ਭਵਿੱਖ ਵਿਚ ਸੋਸ਼ਲ ਮੀਡੀਆ ਕੰਪਨੀਆਂ ਦੀ ਨੌਜਵਾਨਾਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਕਿੰਨੀ ਜ਼ਿੰਮੇਵਾਰੀ ਹੋਵੇਗੀ। ਜੇਕਰ ਕੰਪਨੀਆਂ ਇਹ ਕੇਸ ਹਾਰਦੀਆਂ ਹਨ ਤਾਂ ਇਹ ਟੈੱਕ ਕੰਪਨੀਆਂ ਖਿਲਾਫ ਇਕ ਇਤਿਹਾਸਕ ਫੈਸਲਾ ਮੰਨਿਆ ਜਾਵੇਗਾ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸੇਵਾਵਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਡਿਜ਼ਾਈਨ ਤੇ ਨੀਤੀਆਂ ’ਤੇ ਸਾਫ ਦਿਖਾਈ ਦੇ ਸਕਦਾ ਹੈ।
ਦੁਨੀਆ ਭਰ ਦੀਆਂ ਨਜ਼ਰਾਂ ਹੁਣ ਇਸ ਮੁਕੱਦਮੇ ’ਤੇ ਟਿਕੀਆਂ ਹਨ, ਜੋ ਡਿਜੀਟਲ ਦੌਰ ਵਿਚ ਨੌਜਵਾਨਾਂ ਦੀ ਮਾਨਸਿਕ ਸਿਹਤ ਬਨਾਮ ਮੁਨਾਫੇ ਦੇ ਦੌਰ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਹੈਦਰਾਬਾਦ ਦੇ H-1B ਧਾਰਕ ਨੂੰ ਵਾਪਸ ਭੇਜਿਆ
NEXT STORY