ਓਟਾਵਾ— ਇਸਲਾਮੋਫੋਬੀਆ ਤੇ ਨਸਲਵਾਦ ਨੂੰ ਰੋਕਣ ਅਤੇ ਇਸ ਦੀ ਨਿਖੇਧੀ ਕਰਨ ਲਈ ਲਿਆਂਦੇ ਗਏ ਮਤੇ 'ਤੇ ਬੁੱਧਵਾਰ ਰਾਤ ਨੂੰ ਐਮ. ਪੀਜ਼. ਵੱਲੋਂ ਰਸਮੀ ਤੌਰ 'ਤੇ ਬਹਿਸ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਦਸੰਬਰ ਵਿਚ ਲਿਬਰਲ ਐਮ. ਪੀ. ਇਕਰਾ ਖਾਲਿਦ ਵੱਲੋਂ ਕੈਨੇਡੀਅਨ ਸੰਸਦ ਵਿਚ ਮੋਸ਼ਨ '103' ਪੇਸ਼ ਕੀਤਾ ਗਿਆ ਸੀ, ਜਿਸ ਵਿਚ ਇਸਲਾਮੋਫੋਬੀਆ ਅਤੇ ਹਰ ਤਰ੍ਹਾਂ ਦੇ ਨਸਲੀ ਅਤੇ ਧਾਰਮਿਕ ਵਿਤਕਰੇ ਦੀ ਨਿਖੇਧੀ ਕੀਤੀ ਗਈ ਹੈ। ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਊਸ ਕਮੇਟੀ ਇਸ ਦਾ ਅਧਿਐਨ ਕਰੇ ਕਿ ਸਰਕਾਰ ਇਸ ਨਸਲਵਾਦ ਨੂੰ ਕਿਸ ਤਰ੍ਹਾਂ ਘਟਾਅ ਸਕਦੀ ਹੈ ਅਤੇ ਨਫਰਤ ਅਧੀਨ ਕੀਤੇ ਗਏ ਅਪਰਾਧਾਂ ਦੀਆਂ ਰਿਪੋਰਟਾਂ ਲਈ ਵਧੇਰੇ ਡਾਟਾ ਇਕੱਠਾ ਕਰਕੇ ਅੱਠ ਮਹੀਨਿਆਂ ਦੇ ਅੰਦਰ-ਅੰਦਰ ਹਾਊਸ ਵਿਚ ਇਸ ਸੰਬੰਧੀ ਇਕ ਹੋਰ ਰਿਪੋਰਟ ਪੇਸ਼ ਕੀਤੀ ਜਾਵੇ।
ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਐਮ. ਪੀਜ਼. ਤੋਂ ਮੰਗ ਕੀਤੀ ਹੈ ਕਿ ਉਹ ਖਾਲਿਦ ਦੇ ਪੱਖ ਵਿਚ ਵੋਟਾਂ ਪਾਉਣ ਤਾਂ ਜੋ ਕਿਊਬਿਕ ਸਿਟੀ ਵਿਚ ਮਸਜਿਦ 'ਤੇ ਹੋਈ ਗੋਲੀਬਾਰੀ ਵਰਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਆਲੋਚਕਾਂ, ਜਿਨ੍ਹਾਂ ਵਿਚ ਕੰਜ਼ਰਵੇਟਿਵ ਲੀਡਰਸ਼ਿਪ ਦੇ ਕਈ ਉਮੀਦਵਾਰ ਵੀ ਸ਼ਾਮਲ ਹਨ, ਦਾ ਕਹਿਣਾ ਹੈ ਕਿ ਇਸ ਮਤੇ ਨਾਲ ਗੱਲ ਕਰਨ ਦੀ ਆਜ਼ਾਦੀ ਸੀਮਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਸਲੀ ਹਮਲਿਆਂ ਨੂੰ ਰੋਕਣ ਲਈ ਮੌਜੂਦਾ 'ਹੇਟ ਕ੍ਰਾਈਮਜ਼' ਕਾਨੂੰਨ ਕਾਫੀ ਹੈ।
ਕੰਜ਼ਰਵੇਟਿਵਾਂ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਓਨਟਾਰੀਓ ਤੋਂ ਐਮ. ਪੀ. ਕੈਲੀ ਲੀਚ ਨੇ ਮੋਸ਼ਨ 103 ਖਿਲਾਫ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਧਰਮ ਨੂੰ ਵਿਸ਼ੇਸ਼ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ। ਓਨਟਾਰੀਓ ਤੋਂ ਕੰਜ਼ਰਵੇਟਿਵ ਐਮ. ਪੀ. ਐਰਿਨ ਓਟੂਲੇ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਨਾਲ ਇਹ ਮਤਾ ਪੇਸ਼ ਕੀਤਾ ਗਿਆ ਹੈ, ਉਹ ਉਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਇਸ ਵਿਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ। ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਦੇ ਸਾਹਮਣੇ ਕੈਨੇਡੀਅਨ ਹੈਰੀਟੇਜ ਮੰਤਰੀ ਮਿਲੇਨੀ ਜੌਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਇਸ ਮਤੇ ਦਾ ਸਮਰਥਨ ਕਰਦੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਵਧ ਤੋਂ ਵਧ ਲਿਬਰਲ ਐਮ. ਪੀ. ਇਸ ਦੇ ਪੱਖ ਵਿਚ ਹੀ ਵੋਟ ਕਰਨਗੇ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਟੌਮ ਮਲਕੇਅਰ ਨੇ ਵੀ ਇਸ ਮਤੇ ਦਾ ਸਮਰਥਨ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਪਾਰਟੀ ਦੇ ਬਾਕੀ ਮੈਂਬਰ ਵੀ ਇਸ ਦਾ ਸਮਰਥਨ ਕਰਨਗੇ।
ਬਰਫ 'ਤੇ ਮਸਤੀ ਕਰਦਿਆਂ 70 ਤੋਂ ਵਧੇਰੇ ਜੋੜਿਆਂ ਨੇ ਇਸ ਤਰ੍ਹਾਂ ਮਨਾਇਆ 'ਵੈਲੇਨਟਾਈਨ ਡੇਅ' (ਤਸਵੀਰਾਂ)
NEXT STORY