ਐਡੀਲੇਡ/ ਲੁਧਿਆਣਾ— ਆਸਟ੍ਰੇਲੀਆ ਦੇ ਐਡੀਲੇਡ ’ਚ ਰਹਿ ਰਹੇ ਪੰਜਾਬੀ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਗਿਆ ਜਦ ਰਵਨੀਤ ਕੌਰ ਨਾਂ ਦੀ 31 ਸਾਲਾ ਔਰਤ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਰਵਨੀਤ ਦੇ ਦੋ ਛੋਟੇ-ਛੋਟੇ ਬੱਚੇ ਹਨ, ਜਿਨ੍ਹਾਂ ’ਚੋਂ ਇਕ ਦੀ ਉਮਰ 7 ਸਾਲ ਅਤੇ ਦੂਜੇ ਦੀ ਸਿਰਫ ਇਕ ਸਾਲ ਹੀ ਹੈ। ਬੱਚਿਆਂ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਬੱਚੇ ਵਾਰ-ਵਾਰ ਮਾਂ ਨੂੰ ਲੱਭ ਰਹੇ ਹਨ।
ਜਾਣਕਾਰੀ ਮੁਤਾਬਕ ਰਵਨੀਤ ਆਪਣੇ ਭਰਾ ਨਾਲ ਟਰਾਲੀ ’ਚ ਸਮਾਨ ਲੈ ਕੇ ਲੰਘ ਰਹੀ ਸੀ ਕਿ ਇਕ 82 ਸਾਲਾ ਬਜ਼ੁਰਗ ਦੀ ਕਾਰ ਉਸ ਦੇ ਉੱਪਰੋਂ ਲੰਘ ਗਈ। ਰਵਨੀਤ ਦੇ ਪੇਟ ’ਤੇ ਕਾਫੀ ਜ਼ਖਮ ਹੋ ਗਏ ਅਤੇ ਉਸ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਹਾਦਸੇ ’ਚ ਉਸ ਦਾ ਭਰਾ ਹਰਮੀਤ ਸਿੰਘ ਵੀ ਜ਼ਖਮੀ ਹੋਇਆ ਜਿਸ ਨੂੰ ਅਗਲੇ ਦਿਨ ਹਸਪਤਾਲ ’ਚੋਂ ਛੁੱਟੀ ਮਿਲ ਗਈ।
ਰਵਨੀਤ ਕੌਰ ਦਾ ਸਬੰਧ ਪੰਜਾਬ ਦੇ ਲੁਧਿਆਣੇ ਤੋਂ ਸੀ। ਉਹ 2008 ’ਚ ਆਸਟ੍ਰੇਲੀਆ ਆਈ ਸੀ। ਉਸ ਦੇ ਪਤੀ ਭੁਪਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਵਨੀਤ ਦੇ ਜਾਣ ਨਾਲ ਜੋ ਘਾਟਾ ਪਿਆ ਹੈ, ਉਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।
ਰਵਨੀਤ ਦੇ ਭਰਾ ਨੇ ਰੱਖੜੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਹੁਣ ਉਸ ਦੀ ਭੈਣ ਕਦੇ ਵਾਪਸ ਨਹੀਂ ਆਵੇਗੀ। ਪੰਜਾਬ ਅਤੇ ਆਸਟ੍ਰੇਲੀਆ ’ਚ ਰਹਿ ਰਹੇ ਪੰਜਾਬੀ ਭਾਈਚਾਰੇ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਪੰਜਾਬੀ ਸਾਹਿਤ ਤੇ ਸੱਭਿਆਚਾਰਿਕ ਸੰਮੇਲਨ 21-22 ਸਤੰਬਰ ਨੂੰ : ਸੁੱਖੀ ਬਾਠ
NEXT STORY