ਸਿਓਲ : ਦੱਖਣੀ ਕੋਰੀਆ ਦੇ ਡੇਜੋਨ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 55 ਲੋਕ ਜ਼ਖਮੀ ਹੋ ਗਏ ਹਨ, ਅਤੇ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਇਹ ਗਿਣਤੀ ਅਜੇ ਹੋਰ ਵਧ ਸਕਦੀ ਹੈ। ਰਾਸ਼ਟਰੀ ਅਗਨੀਸ਼ਮਨ ਏਜੰਸੀ ਅਨੁਸਾਰ, ਅੱਗ ਸੰਭਵ ਤੌਰ 'ਤੇ ਇੱਕ ਜ਼ਬਰਦਸਤ ਧਮਾਕੇ ਕਾਰਨ ਲੱਗੀ ਹੈ।
ਘਟਨਾ ਦੀ ਸੂਚਨਾ ਦੁਪਹਿਰ ਕਰੀਬ 1:18 ਵਜੇ ਮਿਲੀ। ਮੌਕੇ ਤੋਂ ਪ੍ਰਾਪਤ ਹੋਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਫੈਕਟਰੀ ਦੇ ਕੰਪਲੈਕਸ ਵਿੱਚੋਂ ਕਾਲਾ ਸੰਘਣਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਦਹਿਸ਼ਤ ਦੇ ਮਾਹੌਲ ਵਿੱਚ ਕੁਝ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਹੇਠਾਂ ਛਾਲ ਮਾਰਦੇ ਹੋਏ ਵੀ ਨਜ਼ਰ ਆਏ। ਜ਼ਖਮੀਆਂ ਵਿੱਚੋਂ 24 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਦੇਦੋਕ ਜ਼ਿਲ੍ਹੇ ਦੇ ਫਾਇਰ ਚੀਫ਼ ਨਮ ਦੇਉਕ-ਵੂ ਨੇ ਦੱਸਿਆ ਕਿ ਅਧਿਕਾਰੀ ਉਨ੍ਹਾਂ 14 ਲੋਕਾਂ ਦੀ ਭਾਲ ਕਰ ਰਹੇ ਹਨ ਜੋ ਅੱਗ ਲੱਗਣ ਸਮੇਂ ਫੈਕਟਰੀ ਦੇ ਅੰਦਰ ਮੌਜੂਦ ਦੱਸੇ ਜਾ ਰਹੇ ਸਨ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੀ ਇੱਕ ਇਮਾਰਤ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ, ਅਤੇ ਉਸ ਦੇ ਡਿੱਗਣ ਦੇ ਖ਼ਤਰੇ ਕਾਰਨ ਫਾਇਰ ਫਾਈਟਰਜ਼ ਅਜੇ ਅੰਦਰ ਦਾਖਲ ਨਹੀਂ ਹੋ ਸਕੇ ਹਨ।
ਪ੍ਰਸ਼ਾਸਨ ਨੇ ਅੱਗ 'ਤੇ ਕਾਬੂ ਪਾਉਣ ਲਈ 500 ਤੋਂ ਵੱਧ ਫਾਇਰ ਫਾਈਟਰਜ਼ ਅਤੇ ਲਗਭਗ 120 ਵਾਹਨਾਂ ਤੇ ਉਪਕਰਣਾਂ ਨੂੰ ਤਾਇਨਾਤ ਕੀਤਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਫੈਕਟਰੀ ਵਿੱਚ ਲਗਭਗ 200 ਕਿਲੋਗ੍ਰਾਮ ਬਹੁਤ ਹੀ ਪ੍ਰਤੀਕਿਰਿਆਸ਼ੀਲ ਰਸਾਇਣ (Chemicals) ਮੌਜੂਦ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਅਤੇ ਇਨ੍ਹਾਂ ਰਸਾਇਣਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਈਰੀਓ ਮਰੀਨਾ 'ਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ
NEXT STORY