ਗਿਨੀ- ਪੱਛਮੀ ਅਫਰੀਕੀ ਦੇਸ਼ ਗਿਨੀ ਵਿਚ ਵਿਦਰੋਹੀ ਫ਼ੌਜਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਦੇ ਨੇੜੇ ਭਾਰੀ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਅਲਫ਼ਾ ਕੌਂਡੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਫਿਰ ਸਰਕਾਰੀ ਟੈਲੀਵਿਜ਼ਨ 'ਤੇ ਸਰਕਾਰ ਨੂੰ ਭੰਗ ਕਰਨ ਦਾ ਐਲਾਨ ਕੀਤਾ।
ਫ਼ੌਜ ਦੇ ਕਰਨਲ ਮਾਮਦੀ ਡੋਂਬੋਆ ਨੇ ਸਰਕਾਰੀ ਟੈਲੀਵਿਜ਼ਨ ਰਾਹੀਂ ਘੋਸ਼ਣਾ ਕੀਤੀ ਕਿ ਦੇਸ਼ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸੰਵਿਧਾਨ ਨੂੰ ਭੰਗ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, "ਦੇਸ਼ ਨੂੰ ਬਚਾਉਣਾ ਸਿਪਾਹੀ ਦਾ ਫਰਜ਼ ਹੈ। ਅਸੀਂ ਹੁਣ ਰਾਜਨੀਤੀ ਨੂੰ ਇਕ ਆਦਮੀ ਦੇ ਹਵਾਲੇ ਨਹੀਂ ਕਰਾਂਗੇ, ਅਸੀਂ ਇਸ ਨੂੰ ਲੋਕਾਂ ਦੇ ਹਵਾਲੇ ਕਰਾਂਗੇ।" ਇਸ ਵਿਚਕਾਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਡੋਂਬੋਆ ਨੂੰ ਫ਼ੌਜ ਅੰਦਰ ਕਿੰਨਾ ਸਮਰਥਨ ਪ੍ਰਾਪਤ ਹੈ ਜਾਂ ਫਿਰ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਰਾਸ਼ਟਰਪਤੀ ਦੇ ਵਫ਼ਾਦਾਰ ਰਹੇ ਹੋਰ ਸਿਪਾਹੀ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਦਾ ਯਤਨ ਕਰਨਗੇ ਜਾਂ ਨਹੀਂ। ਗਿਨੀ ਦੀ ਫ਼ੌਜ 'ਜੁੰਟਾ' ਨੇ ਸੋਮਵਾਰ ਨੂੰ ਇਕ ਸਮਾਗਮ ਵਿਚ ਐਲਾਨ ਕੀਤਾ ਕਿ ਗਿਨੀ ਦੇ ਸਾਰੇ ਰਾਜਪਾਲਾਂ ਦੀ ਥਾਂ ਸਥਾਨਕ ਕਮਾਂਡਰ ਲੈ ਲੈਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦਾ ਇਨਕਾਰ ਨਵੇਂ ਫ਼ੌਜੀ ਨੇਤਾਵਾਂ ਖਿਲਾਫ਼ ਬਗਾਵਤ ਮੰਨਿਆ ਜਾਵੇਗਾ।
ਉੱਥੇ ਹੀ, ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਟਵੀਟ ਕੀਤਾ ਕਿ ਉਹ ਬੰਦੂਕ ਦੀ ਨੋਕ 'ਤੇ ਸਰਕਾਰ ਦੇ ਤਖਤਾਪਲਟ ਦੀ ਸਖਤ ਨਿੰਦਾ ਕਰਦੇ ਹਨ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਚਿਤਾਵਨੀ ਦਿੱਤੀ ਕਿ ਹਿੰਸਾ ਨਾ ਕੀਤੀ ਜਾਵੇ ਅਤੇ ਗਿਨੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੰਵਿਧਾਨ ਤੋਂ ਬਾਹਰ ਉਨ੍ਹਾਂ ਦੀਆਂ ਸਰਗਰਮੀਆਂ ਨਾਲ ਗਿਨੀ ਲਈ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ਖ਼ਤਮ ਹੋਣਗੀਆਂ। ਫ਼ੌਜ ਦੀ ਸਪੈਸ਼ਲ ਫੋਰਸ ਯੂਨਿਟ ਦੇ ਕਮਾਂਡਰ ਡੋਂਬੋਆ ਨੇ ਦੂਜੇ ਸੈਨਿਕਾਂ ਨੂੰ “ਆਪਣੇ ਆਪ ਨੂੰ ਲੋਕਾਂ ਦੇ ਪੱਖ ਵਿੱਚ ਰੱਖਣ” ਦਾ ਸੱਦਾ ਦਿੱਤਾ। 1958 ਵਿੱਚ ਫਰਾਂਸ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਆਰਥਿਕ ਤਰੱਕੀ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, "ਸਾਨੂੰ ਜਾਗਣਾ ਪਵੇਗਾ"। ਕੌਂਡੇ ਪਹਿਲੀ ਵਾਰ 2010 ਵਿਚ ਰਾਸ਼ਟਰਪਤੀ ਚੁਣੇ ਗਏ ਸਨ, 1958 ਵਿਚ ਫਰਾਂਸ ਤੋਂ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਇਹ ਸਭ ਤੋਂ ਪਹਿਲੀ ਲੋਕਤੰਤਰੀ ਚੋਣ ਸੀ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਨੂੰ ਦੇਸ਼ ਲਈ ਇਕ ਨਵੀਂ ਸ਼ੁਰੂਆਤ ਵਜੋਂ ਵੇਖਿਆ ਪਰ ਬਾਅਦ ਵਿਚ ਉਨ੍ਹਾਂ ਦੇ ਸ਼ਾਸਨ 'ਤੇ ਭ੍ਰਿਸ਼ਟਾਚਾਰ, ਤਾਨਾਸ਼ਾਹੀ ਦਾ ਦੋਸ਼ ਲੱਗੇ।
ਪੰਜਸ਼ੀਰ ਦੇ ਸ਼ੇਰਾਂ ਨੇ ਹੁਣ ਤਕ ਢੇਰ ਕੀਤੇ 1000 ਤਾਲਿਬਾਨੀ
NEXT STORY