ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਭਾਰਤ ਵਿਚ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆ ਰਹੀਆਂ ਹਨ। ਕਾਰਕੁਨ ਗ੍ਰੇਟਾ ਥਨਬਰਗ ਅਤੇ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਬਾਅਦ ਹੁਣ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਬੁੱਧਵਾਰ ਨੂੰ ਟਵੀਟ ਵਿਚ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਲੋਕਤੰਤਰ ਖਤਰੇ ਵਿਚ ਹੈ।
ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਪੇਸ਼ੇ ਤੋਂ ਵਕੀਲ ਹੈ। ਉਸ ਨੇ ਇਕ ਕਿਤਾਬ ਵੀ ਲਿਖੀ ਹੀ। ਕਮਲਾ ਹੈਰਿਸ ਦੀ ਭਤੀਜੀ ਨੇ ਕੈਪੀਟਲ ਹਿਲ ਵਿਚ ਹੋਈ ਹਿੰਸਾ ਅਤੇ ਭਾਰਤ ਵਿਚ ਹੋ ਰਹੇ ਕਿਸਾਨ ਅੰਦੋਲਨ ਨੂੰ ਜੋੜਦੇ ਹੋਏ ਕਈ ਟਵੀਟ ਕੀਤੇ। ਅਸਲ ਵਿਚ ਕਮਲਾ ਹੈਰਿਸ ਅਮਰੀਕੀ ਪ੍ਰਤੀਨਿਧੀ ਅਲੈਗਜ਼ੈਂਡ੍ਰੀਆ ਕਾਰਟੇਜ ਦੇ ਇਕ ਵੀਡੀਓ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ਵਿਚ ਉਹਨਾਂ ਨੇ ਅਮਰੀਕਾ ਵਿਚ ਕੈਪੀਟਲ ਹਿਲ ਵਿਚ ਟਰੰਪ ਸਮਰਥਕਾਂ ਦੇ ਹੰਗਾਮੇ ਦੌਰਾਨ ਆਪਣੀ ਹੱਡਬੀਤੀ ਨੂੰ ਬਿਆਨ ਕੀਤਾ ਸੀ। ਕਮਲਾ ਹੈਰਿਸ ਦੀ ਭਤੀਜੀ ਨੇ ਲਿਖਿਆ,''ਮੈਂ ਧੰਨਵਾਦੀ ਹਾਂ ਕਿ ਕਾਰਟੇਜ ਨੇ ਆਪਣਾ ਟ੍ਰਾਮਾ ਨੂੰ ਸਾਰਿਆਂ ਸਾਹਮਣੇ ਬਿਆਨ ਕੀਤਾ ਪਰ ਮੈਂ ਇਸ ਗੱਲ ਨੂੰ ਲੈ ਕੇ ਨਾਰਾਜ਼ ਹਾਂ ਕਿ ਇਸ ਸਬੰਧੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ ਅਤੇ ਕਾਂਗਰਸ ਦੇ ਕਿਸੇ ਮੈਂਬਰ ਨੂੰ ਬਾਹਰ ਨਹੀਂ ਕੱਢਿਆ ਗਿਆ। ਇਹ ਸ਼ਰਮਨਾਕ ਹੈ।''
ਇਸ ਮਗਰੋਂ ਭਾਰਤ ਵਿਚ ਕਿਸਾਨ ਅੰਦੋਲਨ ਦੀ ਇਕ ਤਸਵੀਰ ਨੂੰ ਟਵੀਟ ਕਰਦਿਆਂ ਮੀਨਾ ਹੈਰਿਸ ਨੇ ਲਿਖਿਆ,''ਇਹ ਸਿਰਫ ਇਕ ਸੰਜੋਗ ਨਹੀਂ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ (ਅਮਰੀਕਾ) 'ਤੇ ਇਕ ਮਹੀਨੇ ਪਹਿਲਾਂ ਹਮਲਾ ਹੋਇਆ ਅਤੇ ਹੁਣ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਖਤਰਾ ਹੈ। ਇਹ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਹਨ। ਸਾਨੂੰ ਭਾਰਤ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਖ਼ਿਲਾਫ਼ ਸੁਰੱਖਿਆ ਬਲਾਂ ਦੀ ਹਿੰਸਾ ਅਤੇ ਇੰਟਰਨੈੱਟ ਬੰਦ ਕੀਤੇ ਜਾਣ ਨੂੰ ਲੈਕੇ ਨਾਰਾਜ਼ਗੀ ਜ਼ਾਹਰ ਕਰਨੀ ਚਾਹੀਦੀ ਹੈ।''
ਮੀਨਾ ਹੈਰਿਸ ਨੇ ਲਿਖਿਆ,''ਕਿਸਾਨਾਂ ਨੂੰ ਲੈ ਕੇ ਸਾਨੂੰ ਉਸੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਦੀਆਂ ਅਸੀਂ ਕੈਪੀਟਲ ਹਿਲ ਵਿਚ ਹੋਈ ਹਿੰਸਾ ਨੂੰ ਲੈਕੇ ਦਿੱਤੀਆਂ ਹਨ ਕਿਉਂਕਿ ਕਿਸੇ ਵੀ ਜਗ੍ਹਾ 'ਤੇ ਫਾਸੀਵਾਦ ਹਰ ਜਗ੍ਹਾ ਦੇ ਲੋਕਤੰਤਰ ਲਈ ਖਤਰਾ ਹੈ। ਟਰੰਪ ਦਾ ਕਾਰਜਕਾਲ ਭਾਵੇਂ ਖਤਮ ਹੋ ਗਿਆ ਹੈ ਪਰ ਅਸੀਂ ਆਪਣੇ ਆਲੇ-ਦੁਆਲੇ ਦੇਖੀਏ ਤਾਂ ਇਹ ਲਹਿਰ ਹੁਣ ਵੀ ਜਾਰੀ ਹੈ।'' ਮੀਨਾ ਨੇ ਅੱਗੇ ਲਿਖਿਆ,''ਕੱਟੜਪੰਥੀ ਰਾਸ਼ਟਰਵਾਦ ਅਮਰੀਕੀ ਰਾਜਨੀਤੀ, ਭਾਰਤ ਜਾਂ ਕਿਸੇ ਹੋਰ ਦੂਜੀ ਜਗ੍ਹਾ 'ਤੇ ਉਨੀ ਹੀ ਵੱਡੀ ਤਾਕਤ ਹੈ। ਇਸ ਨੂੰ ਉਦੋਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਲੋਕ ਇਸ ਅਸਲੀਅਤ ਨੂੰ ਮਹਿਸੂਸ ਕਰ ਸਕਣ ਕਿ ਫਾਸੀਵਾਦ ਤਾਨਾਸ਼ਾਹ ਕਿਤੇ ਨਹੀਂ ਜਾਣ ਵਾਲਾ ਜਦੋਂ ਤੱਕ ਕਿ ਅਸੀਂ ਸੰਗਠਿਤ ਨਹੀਂ ਹੋਵਾਂਗੇ।''
ਹਿਊਮਨ ਰਾਈਟਸ ਵਾਚ ਦੇ ਕਾਰਜਕਾਰੀ ਡਾਇਰੈਕਟਰ ਕੀਨੇਥ ਰੋਥ ਨੇ ਵੀ ਟਵੀਟ ਕਰ ਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਰੋਥ ਨੇ ਲਿਖਿਆ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਆਪਣੇ ਹਿੰਦੂ ਰਾਸ਼ਟਰਵਾਦੀ ਏਜੰਡੇ ਦੇ ਉਦੇਸ਼ ਤਹਿਤ ਪ੍ਰਗਟਾਵੇ ਦੀ ਆਜ਼ਾਦੀ ਨੂੰ ਖ਼ਤਮ ਕਰ ਰਹੀ ਹੈ। ਨਾਗਰਿਕਤਾ ਨੂੰ ਲੈ ਕੇ ਵਿਤਕਰੇ ਦੀ ਨੀਤੀ, ਦਲਿਤਾਂ ਅਤੇ ਆਦਿਵਾਸੀਆਂ ਨੂੰ ਹਾਸ਼ੀਏ 'ਤੇ ਰੱਖਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ। ਹੁਣ ਸਰਕਾਰ ਕਿਸਾਨਾਂ, ਜਿਹਨਾਂ ਵਿਚ ਜ਼ਿਆਦਾਤਰ ਸਿੱਖ ਹਨ, ਨੂੰ ਨਿਸ਼ਾਨਾ ਬਣਾ ਰਹੀ ਹੈ। ਮੀਨਾ ਨੇ ਅਖੀਰ ਵਿਚ ਲਿਖਿਆ ਕਿ ਸੱਚਾਈ ਦੇ ਨਾਲ ਹੀ ਏਕਤਾ ਦਾ ਜਨਮ ਹੁੰਦਾ ਹੈ। ਜਵਾਬਦੇਹੀ ਤੈਅ ਕੀਤੇ ਬਿਨਾਂ ਜ਼ਖ਼ਮਾਂ ਨੂੰ ਭਰਨਾ ਅਸੰਭਵ ਹੈ। ਆਵਾਜ਼ ਚੁੱਕੋ ਅਤੇ ਘੱਟ 'ਤੇ ਸਮਝੌਤਾ ਨਾ ਕਰੋ। ਮੀਨਾ ਹੈਰਿਸ ਤੋਂ ਪਹਿਲਾਂ ਕਿਸਾਨ ਅੰਦੋਲਨ ਨੂੰ ਕਈ ਮਸ਼ਹੂਰ ਹਸਤੀਆਂ ਨੇ ਸਮਰਥਨ ਦਿੱਤਾ ਹੈ। ਇਹਨਾਂ ਵਿਚੋਂ ਪ੍ਰਮੁੱਖ ਨਾਮ ਅਮਰੀਕੀ ਸਿੰਗਰ ਰਿਹਾਨਾ ਅਤੇ ਜਲਵਾਯੂ ਤਬਦੀਲੀ ਕਾਰਕੁਨ ਗ੍ਰੇਟਾ ਥਨਬਰਗ ਹਨ। ਅਮਰੀਕੀ ਪੌਪ ਸਟਾਰ ਰਿਹਾਨਾ ਮਾਈਕ੍ਰੋਬਲਾਗਿੰਗ ਵੈਬਸਾਈਟ 'ਤੇ ਫਾਲੋਅਰਜ਼ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਹੈ।
ਨੋਟ- ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਦੇ ਕਿਸਾਨ ਅੰਦੋਲਨ ਨੂੰ ਸਮਰਥਣ ਦੇਣ 'ਤੇ ਕੁਮੈਂਟ ਕਰ ਦਿਓ ਰਾਏ।
ਮਿਆਂਮਾਰ 'ਚ ਲੋਕਾਂ ਨੇ ਹਾਰਨ ਅਤੇ ਭਾਂਡੇ ਵਜਾ ਕੇ ਕੀਤਾ ਤਖ਼ਤਾਪਲਟ ਦਾ ਵਿਰੋਧ
NEXT STORY