ਮੈਲਬੌਰਨ ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਮੈਲਬੌਰਨ ਵਿੱਚ ਸਥਿਤ ਇੰਡਿਓਜ਼ ਰੈਸਟੋਰੈਂਟ, ਸੇਂਟ ਐਲਬਨਜ਼ ਵਿਚ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਸ਼ਹੂਰ ਚਿੱਤਰਕਾਰ ਅਤੇ ਕਲਾਕਾਰ ਰਾਜੀ ਮੁਸੱਵਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਪ੍ਰੋ. ਬਿਕਰਮ ਸਿੰਘ ਸੇਖੋਂ ਨੇ ਰਾਜੀ ਮੁਸੱਵਰ ਦੀ ਕਲਾਕਾਰੀ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਪਹਿਲੂਆਂ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ ।ਉਪਰੰਤ ਰਾਜੀ ਮੁਸੱਵਰ ਨੇ ਭਾਵਨਾਤਮਕ ਤਰੀਕੇ ਨਾਲ ਨਿੱਜੀ ਜ਼ਿੰਦਗੀ 'ਤੇ ਝਾਤ ਪਾਉਂਦਿਆਂ ਆਪਣੀਆਂ ਕਲਾ-ਕਿਰਤਾਂ ਨਾਲ ਜੁੜੀਆਂ ਕਹਾਣੀਆਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਮਨੁੱਖੀ ਰਿਸ਼ਤਿਆਂ ਅਤੇ ਜਜ਼ਬਾਤਾਂ ਦੇ ਸੁਮੇਲ ਨਾਲ ਪੈਨਸਿਲ ਨਾਲ ਬਣਾਏ ਗਏ ਸਕੈਚਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ।ਰਾਜ਼ੀ ਮੁਸੱਵਰ ਦੇ ਹਰ ਸਕੈੱਚ ਪਿੱਛੇ ਜਜ਼ਬਾਤੀ ਕਿੱਸਾ ਜੁੜੇ ਹੋਣ ਕਰ ਕੇ ਮਹਿਫਲ ਦਾ ਮਾਹੌਲ ਥੋੜ੍ਹਾ ਭਾਵੁਕ ਹੋ ਗਿਆ। ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਪਰਿਵਾਰ, ਕੋਰੋਨਾ ਮਹਾਮਾਰੀ ਵੇਲੇ ਸਿੱਖ ਵਲੰਟੀਅਰਜ਼ ਵੱਲੋਂ ਨਿਭਾਈ ਗਈ ਸੇਵਾ, ਕਿਸਾਨ ਅੰਦੋਲਨ ਸਮੇਂ ਦੌਰਾਨ ਬਜ਼ੁਰਗ ਵੱਲੋਂ ਸਾਹਿਤ ਪੜ੍ਹਨ ਦੀ ਰੁਚੀ ਨੂੰ ਬਿਆਨ ਕਰਦੇ ਅਨੇਕਾਂ ਸਕੈਚਾਂ ਨੇ ਲੋਕਾਂ ਦੀ ਵਾਹ-ਵਾਹ ਖੱਟੀ। ਰੇਡੀਓ 'ਹਾਂਜੀ' ਤੋਂ ਰਣਜੋਧ ਸਿੰਘ ਨੇ ਦਰਸ਼ਕਾਂ ਨਾਲ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਕਿਸੇ ਤਸਵੀਰ ਦਾ ਹੂਬਹੂ ਚਿਤਰਣ ਕਰਨਾ ਮੁਸ਼ਕਲ ਕੰਮ ਹੈ ਪਰ ਕਿਸੇ ਦੇ ਜਜ਼ਬਾਤਾਂ ਨੂੰ ਆਪਣੇ ਅੰਦਰ ਜਜ਼ਬ ਕਰ ਕੇ ਪੂਰਨ ਆਕਾਰ ਦੇਣ ਦਾ ਗੁਰ ਰਾਜੀ ਮੁਸੱਵਰ ਦੇ ਹਿੱਸੇ ਆਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੰਯੁਕਤ ਰਾਸ਼ਟਰ ਦੀ ਚੇਤਾਵਨੀ, ਦੁਨੀਆ ਦੇ 34 ਕਰੋੜ ਤੋਂ ਵਧੇਰੇ ਲੋਕਾਂ 'ਤੇ 'ਭੁੱਖਮਰੀ' ਦਾ ਖਤਰਾ
ਇਸ ਮੌਕੇ ਚਰਨਾਮਤ ਸਿੰਘ, ਸਤਿੰਦਰ ਸਿੰਘ ਚਾਵਲਾ, ਮਨਦੀਪ ਬਰਾਡ਼ ਅਤੇ ਹਾਜ਼ਰ ਕੁੱਝ ਦਰਸ਼ਕਾਂ ਵੱਲੋਂ ਰਾਜੀ ਮੁਸੱਵਰ ਦੇ ਕੰਮ ਪ੍ਰਤੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਸ਼ੇਅਰੋ ਸ਼ਾਇਰੀ,ਗੀਤ ਅਤੇ ਕਵਿਤਾਵਾਂ ਨਾਲ ਹੌਂਸਲਾ ਅਫਜ਼ਾਈ ਕੀਤੀ ਗਈ। ਰੇਡੀਓ ਹਾਂਜੀ ਅਤੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਰਾਜੀ ਮੁਸੱਵਰ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਰਾਜੀ ਮੁਸੱਵਰ ਦੀਆਂ ਕਲਾ ਕਿਰਤਾਂ ਨੂੰ ਆਸਟ੍ਰੇਲੀਆ ਵਿੱਚ ਬਹੁਤ ਵੱਡੇ ਪੱਧਰ 'ਤੇ ਹੁੰਗਾਰਾ ਮਿਲਿਆ ਹੈ ਅਤੇ ਆਪਣੀਆਂ ਵੰਨਗੀਆਂ ਨੂੰ ਕੌਮਾਂਤਰੀ ਮੰਚ ਤੇ ਪਛਾਣ ਦੇਣ ਲਈ ਰਾਜੀ ਮੁਸੱਵਰ ਅਗਲੇ ਹਫ਼ਤੇ ਅਮਰੀਕਾ-ਕੈਨੇਡਾਦੇ ਦੌਰੇ 'ਤੇ ਜਾ ਰਿਹਾ ਹੈ। ਅਮਰੀਕਾ-ਕੈਨੇਡਾ ਵਿੱਚ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਰਾਜੀ ਮੁਸੱਵਰ ਲਈ ਪ੍ਰਦਰਸ਼ਨੀ ਅਤੇ ਰੂਬਰੂ ਸਮਾਗਮ ਉਲੀਕੇ ਗਏ ਹਨ।
ਲੰਡਨ 'ਚ ਪੁਲਸ ਮੁਲਾਜ਼ਮਾਂ 'ਤੇ ਚਾਕੂ ਨਾਲ ਹਮਲਾ, ਦੋ ਜ਼ਖ਼ਮੀ
NEXT STORY