ਯੂਬਾ ਸਿਟੀ, ( ਰਾਜ ਗੋਗਨਾ ) — ਅਮਰੀਕਾ ਦੇ ਯੂਬਾ ਸਿਟੀ ਵਿਖੇ ਪਿਛਲੇ ਸਾਲ ਸਜਾਏ ਗਏ ਨਗਰ ਕੀਰਤਨ ਦੌਰਾਨ ਇਕ ਵਿਅਕਤੀ 'ਤੇ ਕ੍ਰਿਪਾਨਾਂ ਨਾਲ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ 36 ਸਾਲ ਦੇ ਮਨਪ੍ਰੀਤ ਸਿੰਘ ਅਤੇ 39 ਸਾਲ ਦੇ ਪਰਮਵੀਰ ਸਿੰਘ ਗੋਸਲ ਨੇ ਖ਼ੁਦ ਨੂੰ ਪੁਲਸ ਹਵਾਲੇ ਕਰ ਦਿੱਤਾ, ਜਿਨ੍ਹਾਂ 'ਤੇ ਸਟਰ ਕਾਊਂਟੀ ਦੀ ਸੁਪੀਰੀਅਰ ਅਦਾਲਤ 'ਚ ਪੇਸ਼ ਕਰਦਿਆਂ ਇਰਾਦਾ ਕਤਲ, ਹੱਥੋ-ਪਾਈ ਕਰਨ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ।
ਦੂਜੇ ਪਾਸੇ 29 ਸਾਲ ਦੇ ਹਿਰਦੇਪਾਲ ਸਿੰਘ ਵਿਰੁੱਧ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਹਨ, ਉਸ ਨੂੰ ਇਸ ਸਾਲ ਦੇ ਸ਼ੁਰੂ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਬਾ ਸਿਟੀ ਪੁਲਸ ਨੇ ਮਾਮਲੇ ਦੀ ਪੜਤਾਲ ਦੌਰਾਨ 9 ਜਣਿਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ। ਪੁਲਸ ਮੁਤਾਬਕ ਨਗਰ ਕੀਰਤਨ ਦੌਰਾਨ ਨਿਸ਼ਾਨਾ ਬਣਾਇਆ ਗਿਆ ਵਿਅਕਤੀ ਇਕ ਮਾਮਲੇ ਦਾ ਗਵਾਹ ਸੀ ਅਤੇ ਹਮਲਾਵਰ ਚਾਹੁੰਦੇ ਸਨ ਕਿ ਉਹ ਗਵਾਹੀ ਤੋਂ ਮੁੱਕਰ ਜਾਵੇ।
ਪੁਲਸ ਨੇ ਦੱਸਿਆ ਕਿ ਪਰਮਵੀਰ ਸਿੰਘ ਗੋਸਲ, ਪ੍ਰਿਤਪਾਲ ਸਿੰਘ ਗਿੱਲ, ਜਸਕਰਨ ਸਿੰਘ ਅਤੇ ਨਰਿੰਦਰ ਸਿੰਘ ਵਿਰੁੱਧ ਗਵਾਹ ਨੂੰ ਧਮਕਾਉਣ ਅਤੇ ਲੁੱਟ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਪੁਲਸ ਵੱਲੋਂ 32 ਸਾਲ ਦੇ ਕਰਨਜੀਤ ਸਿੰਘ, ਸੁਰਿੰਦਰ ਸਿੰਘ ਕੈਲੇ ਅਤੇ 50 ਸਾਲਾ ਮਲਕੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਯੂਬਾ ਸਿਟੀ (ਕੈਲੀਫੋਰਨੀਆ) ਦੀ ਪੁਲਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਈਰਾਨੀ ਕਿਸ਼ਤੀਆਂ ਨੇ ਬ੍ਰਿਟਿਸ਼ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਕੀਤੀ ਕੋਸ਼ਿਸ਼ : ਰਿਪੋਰਟ
NEXT STORY