ਆਕਲੈਂਡ (ਹਰਮੀਕ ਸਿੰਘ) - ਨਿਊਜ਼ੀਲੈਂਡ ਵਿਖੇ 26 ਅਤੇ 27 ਨਵੰਬਰ ਨੂੰ ਹੋਣ ਜਾ ਰਹੀਆਂ ਤੀਸਰੀਆਂ ਅਤੇ ਚੌਥੀਆਂ ਸਿੱਖ ਖੇਡਾਂ ਦੀਆਂ ਤਿਆਰੀਆਂ ਜਿੱਥੇ ਜੋਰਾਂ ਸ਼ੋਰਾਂ 'ਤੇ ਹਨ, ਉਥੇ ਹੀ ਸਿੱਖ ਖੇਡਾਂ ਦੀ ਸਾਰੀ ਕਮੇਟੀ ਵੀ ਇਸ ਈਵੇਂਟ ਲਈ ਪੱਬਾਂ ਭਾਰ ਹੈ। ਪਿਛਲੇ ਸਾਲ ਕੋਵਿਡ ਦੇ ਚੱਲਦਿਆਂ ਇਹ ਖੇਡਾਂ ਹੋ ਨਹੀਂ ਸਕੀਆਂ ਸਨ। ਇਸੇ ਲਈ ਇਸ ਸਾਲ 2 ਸਾਲਾਂ ਦੀਆਂ ਇਕੱਠੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਖੇਡਾਂ ਵਿੱਚ 20 ਦੇ ਕਰੀਬ ਵੱਖ-ਵੱਖ ਖੇਡਾਂ ਵਿੱਚ ਸੈਂਕੜੇ ਖਿਡਾਰੀ ਹਿੱਸਾ ਲੈਣਗੇ, ਜਿਹਨਾਂ ਵਿੱਚ ਕਈ ਖਿਡਾਰੀ ਬਾਹਰਲੇ ਮੁਲਕਾਂ ਤੋਂ ਵੀ ਪਹੁੰਚ ਰਹੇ ਹਨ। 2 ਦਿਨ ਇਸ ਖੇਡ ਮੇਲੇ ਵਿੱਚ ਸੱਭਿਆਚਾਰਕ ਸਟੇਜ ਵੀ ਚਲੇਗੀ, ਜਿਸ ਵਿੱਚ ਗਿੱਧੇ-ਭੰਗੜੇ ਤੋਂ ਇਲਾਵਾ 6 ਵੱਡੇ ਕਲਾਕਾਰ, ਜਿਨ੍ਹਾਂ ਵਿੱਚ ਗੈਰੀ ਸੰਧੂ, ਦੇਬੀ ਮਖਸੂਸਪੁਰੀ, ਸਰਬਜੀਤ ਚੀਮਾ, ਸੱਜਣ ਅਦੀਬ, ਹਰਮਿੰਦਰ ਨੂਰਪੁਰੀ ਅਤੇ ਸਰਤਾਜ ਵਿਰਕ ਵੀ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੋਨੋਂ ਦਿਨ ਵੱਖ-ਵੱਖ ਪਕਵਾਨਾਂ ਦੇ ਲੰਗਰ ਚੱਲਣਗੇ ਅਤੇ ਕਰੀਬ 20 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਖੇਡ ਕਮੇਟੀ ਵੱਲੋਂ ਨਿਊਜ਼ੀਲੈਂਡ ਦੇ ਸਾਰੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਿੱਖ ਖੇਡਾਂ ਵਿੱਚ ਸ਼ਿਰਕਤ ਕਰਨ। ਅਦਾਰਾ ਜਗਬਾਣੀ ਦੀ ਨਿਊਜ਼ੀਲੈਂਡ ਟੀਮ ਇਹਨਾਂ ਖੇਡਾਂ ਨੂੰ ਵਿਸ਼ੇਸ਼ ਤੌਰ 'ਤੇ ਕਵਰ ਕਰੇਗੀ।
ਯੂ.ਐੱਸ. ਵੀਜ਼ਾ ਲਈ ਕਰਨੀ ਪੈ ਰਹੀ 3 ਸਾਲਾਂ ਦੀ ਉਡੀਕ; ਜਾਣੋ ਹੁਣ ਕਿੰਨਾ ਹੈ ਉਡੀਕ ਸਮਾਂ
NEXT STORY