ਲੰਡਨ— ਬ੍ਰਿਟੇਨ ਨੂੰ ਹਾਲ ਹੀ 'ਚ ਨਵਾਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮਿਲਿਆ ਹੈ ਅਤੇ ਹੁਣ ਸਕਾਟਲੈਂਡ ਵਾਸੀਆਂ ਨੇ ਯੂ. ਕੇ. ਤੋਂ ਵੱਖਰੇ ਹੋਣ ਦੀ ਇੱਛਾ ਪ੍ਰਗਟਾਈ ਹੈ। ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟੁਰਗਿਓਨ ਨੇ ਬੋਰਿਸ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਤਾਜ਼ਾ ਰਾਇਸ਼ੁਮਾਰੀ ਨੂੰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਵੱਡੀ ਗਿਣਤੀ 'ਚ ਸਕੋਟਿਸ਼ ਲੋਕ ਯੂ. ਕੇ. ਤੋਂ ਆਜ਼ਾਦੀ ਚਾਹੁੰਦੇ ਹਨ।
ਨਵੇਂ ਸਰਵੇਖਣ ਮੁਤਾਬਕ 46 ਫੀਸਦੀ ਲੋਕ ਯੂ. ਕੇ. ਨੂੰ ਛੱਡਣ ਦੇ ਹੱਕ 'ਚ ਹਨ ਜਦਕਿ 43 ਫੀਸਦੀ ਲੋਕ ਯੂ. ਕੇ. 'ਚ ਰਹਿਣਾ ਚਾਹੁੰਦੇ ਹਨ। ਮਾਰਚ 2017 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਆਜ਼ਾਦੀ ਦੇ ਹੱਕ 'ਚ ਇਸ ਤਰ੍ਹਾਂ ਦੀ ਖਬਰ ਆਈ ਹੈ। ਜਦਕਿ ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਬੌਰਿਸ ਸਕਾਟਲੈਂਡ ਦਾ ਦੌਰਾ ਕਰਕੇ ਆਏ ਹਨ। ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਨੇ ਕਿਹਾ ਕਿ ਇਹ ਅੰਕੜੇ ਹੈਰਾਨੀਜਨਕ ਹਨ।
ਜ਼ਿਕਰਯੋਗ ਹੈ ਕਿ 2014 'ਚ ਵੀ ਸਕਾਟਲੈਂਡ 'ਚ ਆਜ਼ਾਦੀ ਲਈ ਰਾਇਸ਼ੁਮਾਰੀ ਹੋ ਚੁੱਕੀ ਹੈ, ਜਿਸ 'ਚ 55 ਫੀਸਦੀ ਲੋਕਾਂ ਨੇ ਯੂ. ਕੇ. ਤੋਂ ਆਜ਼ਾਦੀ ਦੇ ਖਿਲਾਫ ਵੋਟ ਪਾਈ ਸੀ। ਉਸ ਸਮੇਂ ਸਕਾਟਲੈਂਡ ਦੇ ਲੋਕਾਂ ਨੂੰ ਉਮੀਦ ਸੀ ਕਿ ਯੂ. ਕੇ. ਯੂਰਪੀ ਸੰਘ 'ਚ ਬਣਿਆ ਰਹੇ। 2017 'ਚ ਵੀ ਇਹ ਹੀ ਮੰਗ ਉੱਠੀ ਸੀ ਪਰ ਉਸ ਸਮੇਂ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਸੀ ਕਿ ਇਸ ਦੀ ਜ਼ਰੂਰਤ ਨਹੀਂ ਹੈ।
ਲੈਂਡਿੰਗ ਦੌਰਾਨ 'ਬ੍ਰਿਟਿਸ਼ ਏਅਰਵੇਜ਼' 'ਚ ਭਰਿਆ ਧੂੰਆਂ, ਸੁਰੱਖਿਅਤ ਕੱਢੇ ਗਏ ਯਾਤਰੀ
NEXT STORY