ਲੰਡਨ (ਏਜੰਸੀ): ਵਿਵਾਦਾਂ ਵਿਚ ਘਿਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ‘ਪਾਰਟੀਗੇਟ’ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ। ਇਹ ਐਲਾਨ ਕੰਜ਼ਰਵੇਟਿਵ ਪਾਰਟੀ ਦੀ ਇਕ ਕਮੇਟੀ ਦੇ ਚੇਅਰਮੈਨ ਨੇ ਕੀਤਾ। ਇਹ ਕਦਮ 'ਪਾਰਟੀਗੇਟ' ਮਾਮਲੇ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਚੁੱਕਿਆ ਜਾ ਰਿਹਾ ਹੈ। ਕਮੇਟੀ ਨੂੰ ਮਿਲੇ ਅਵਿਸ਼ਵਾਸ ਪੱਤਰਾਂ ਦੇ ਇੰਚਾਰਜ ਸਰ ਗ੍ਰਾਹਮ ਬ੍ਰੈਡੀ ਨੇ ਕਿਹਾ ਕਿ ਟੋਰੀ ਸੰਸਦੀ ਪਾਰਟੀ ਦੇ 54 ਸੰਸਦ ਮੈਂਬਰ (15 ਫੀਸਦੀ) ਇਸ ਦੀ ਮੰਗ ਕਰ ਰਹੇ ਹਨ ਅਤੇ ਸੋਮਵਾਰ ਸ਼ਾਮ ਨੂੰ ਹਾਊਸ ਆਫ ਕਾਮਨਜ਼ ਵਿੱਚ ਇਸ ਨੂੰ ਰੱਖਿਆ ਜਾਵੇਗਾ।
ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਹਫ਼ਤਿਆਂ ਦੇ ਡੈੱਡਲਾਕ ਤੋਂ ਬਾਅਦ ਬੇਭਰੋਸਗੀ ਮਤੇ 'ਤੇ ਵੋਟਿੰਗ ਹੋ ਰਹੀ ਹੈ। ਕਈ ਸੰਸਦ ਮੈਂਬਰਾਂ ਅਤੇ ਸਾਬਕਾ ਮੰਤਰੀਆਂ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਕੇ ਡਾਊਨਿੰਗ ਸਟ੍ਰੀਟ 'ਤੇ ਗੈਰ-ਕਾਨੂੰਨੀ ਢੰਗ ਨਾਲ ਪਾਰਟੀ ਆਯੋਜਿਤ ਕਰਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਬ੍ਰੈਡੀ ਨੇ ਇਕ ਬਿਆਨ 'ਚ ਕਿਹਾ ਕਿ ਅਵਿਸ਼ਵਾਸ ਮਤ ਲਈ ਸੰਸਦੀ ਦਲ ਦੀ ਲੋੜੀਂਦੀ 15 ਫੀਸਦੀ ਵੋਟ ਹਾਸਲ ਕਰ ਲਈ ਗਈ ਹੈ...। ਵੋਟਿੰਗ ਰਾਤ 8 ਵਜੇ (ਸਥਾਨਕ ਸਮੇਂ ਮੁਤਾਬਕ) ਵਿਚਕਾਰ ਹੋਵੇਗੀ, ਇਸ ਸਬੰਧ 'ਚ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਵੋਟਾਂ ਪੈਣ ਤੋਂ ਤੁਰੰਤ ਬਾਅਦ ਇਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ। ਸੁਝਾਅ ਅਨੁਸਾਰ ਨਤੀਜਾ ਘੋਸ਼ਿਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ 'ਚ 'ਸਮਰ ਮਿਊਜ਼ਿਕ ਫੇਸਟ' ਸ਼ੁਰੂ, 1.6 ਲੱਖ ਤੋਂ ਵਧੇਰੇ ਦਰਸ਼ਕ ਜੁਟੇ (ਤਸਵੀਰਾਂ)
ਵਿਸ਼ਲੇਸ਼ਕਾਂ ਦੇ ਅਨੁਸਾਰ ਜਾਨਸਨ (57) ਦੇ ਵੋਟ ਜਿੱਤਣ ਦੀ ਸੰਭਾਵਨਾ ਹੈ ਪਰ ਇਹ ਯਕੀਨੀ ਤੌਰ 'ਤੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਵੱਡਾ ਝਟਕਾ ਦੇਵੇਗਾ। ਬਾਗੀ ਸੰਸਦ ਮੈਂਬਰਾਂ ਨੂੰ ਜਾਨਸਨ ਨੂੰ ਪਾਰਟੀ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ 180 ਵੋਟਾਂ ਦੀ ਲੋੜ ਹੋਵੇਗੀ। ਮੌਜੂਦਾ ਕੰਜ਼ਰਵੇਟਿਵ ਪਾਰਟੀ ਦੇ ਨਿਯਮਾਂ ਦੇ ਤਹਿਤ ਜੇਕਰ ਜਾਨਸਨ ਜਿੱਤ ਜਾਂਦੇ ਹਨ, ਤਾਂ ਉਹ ਘੱਟੋ-ਘੱਟ 12 ਮਹੀਨਿਆਂ ਲਈ ਅਜਿਹੇ ਹੋਰ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਨਹੀਂ ਕਰਨਗੇ। ਮੰਤਰੀ ਮੰਡਲ ਹੁਣ ਤੱਕ ਜਾਨਸਨ ਦੇ ਨਾਲ ਏਕਤਾ ਵਿੱਚ ਖੜ੍ਹਾ ਹੈ, ਜਿਸ ਵਿੱਚ ਯੂਕੇ ਦੇ ਵਿਦੇਸ਼ ਸਕੱਤਰ ਲਿਜ਼ ਟਰਸ ਵੀ ਸ਼ਾਮਲ ਹਨ। ਟਰਸ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਵੀ ਸਭ ਤੋਂ ਵੱਡਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਟਰਸ ਨੇ ਟਵੀਟ ਕੀਤਾ ਕਿ ਅੱਜ ਦੀ ਵੋਟਿੰਗ 'ਚ ਪ੍ਰਧਾਨ ਮੰਤਰੀ ਨੂੰ ਮੇਰਾ ਪੂਰਾ ਸਮਰਥਨ ਹੈ ਅਤੇ ਮੈਂ ਸਾਰੇ ਸਹਿਯੋਗੀਆਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ... ।ਉਨ੍ਹਾਂ ਨੇ ਆਪਣੀ ਗਲਤੀ ਲਈ ਮੁਆਫੀ ਮੰਗ ਲਈ ਹੈ ਅਤੇ ਹੁਣ ਸਾਨੂੰ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।
ਬ੍ਰਿਟੇਨ ਦੇ ਭਾਰਤੀ ਮੂਲ ਦੇ ਚਾਂਸਲਰ ਰਿਸ਼ੀ ਸੁਨਕ ਨੇ ਵੀ ਇਸ ਦਾ ਐਲਾਨ ਕੀਤਾ। ਟਵਿੱਟਰ 'ਤੇ ਜਾਨਸਨ ਲਈ ਉਨ੍ਹਾਂ ਦਾ ਸਮਰਥਨ ਕਰਨ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਜ਼ਬੂਤਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ ਹੈ ਜਿਸਦੀ ਬ੍ਰਿਟੇਨ ਨੂੰ ਜ਼ਰੂਰਤ ਹੈ। ਗੌਰਤਲਬ ਹੈ ਕਿ ਜੂਨ 2020 ਵਿੱਚ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ਵਿੱਚ ਆਯੋਜਿਤ ਇੱਕ ਜਨਮਦਿਨ ਦੀ ਪਾਰਟੀ ਵਿੱਚ, 40 ਤੋਂ ਵੱਧ ਸੰਸਦ ਮੈਂਬਰਾਂ ਨੇ ਕੋਵਿਡ-19 ਤਾਲਾਬੰਦੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿੱਚ ਜਾਨਸਨ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇਹ ਮਾਮਲਾ ਲੰਬੇ ਸਮੇਂ ਤੋਂ ਸੁਰਖੀਆਂ 'ਚ ਹੈ ਅਤੇ ਚੋਟੀ ਦੇ ਸਿਵਲ ਅਧਿਕਾਰੀ ਸੂ ਗ੍ਰੇ ਦੀ ਅਗਵਾਈ 'ਚ ਹੋਈ ਜਾਂਚ 'ਚ ਨਾਕਾਮ ਰਹਿਣ 'ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਕਾਟਲੈਂਡ ਯਾਰਡ ਦੀ ਜਾਂਚ ਤੋਂ ਬਾਅਦ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦਫਤਰਾਂ ਦੇ ਅੰਦਰ ਪਾਰਟੀਆਂ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਕੰਟਰੋਲ ਕਰਨ ਲਈ 2020-2021 ਤਾਲਾਬੰਦੀ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ। ਜਾਨਸਨ ਅਤੇ ਉਸ ਦੀ ਪਤਨੀ ਕੈਰੀ ਨੂੰ ਵੀ ਜੂਨ 2020 ਵਿੱਚ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਕੇ ਡਾਊਨਿੰਗ ਸਟ੍ਰੀਟ ਦੇ ਕੈਬਨਿਟ ਰੂਮ ਵਿੱਚ ਜਨਮਦਿਨ ਦੀ ਪਾਰਟੀ ਆਯੋਜਿਤ ਕਰਨ ਲਈ ਜੁਰਮਾਨਾ ਲਗਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਰਪ 'ਚ 'ਸਮਰ ਮਿਊਜ਼ਿਕ ਫੇਸਟ' ਸ਼ੁਰੂ, 1.6 ਲੱਖ ਤੋਂ ਵਧੇਰੇ ਦਰਸ਼ਕ ਜੁਟੇ (ਤਸਵੀਰਾਂ)
NEXT STORY