ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਹਾਲੀਆ ਮਿਜ਼ਾਈਲ ਪ੍ਰੀਖਣਾਂ ’ਚ ‘ਬਹੁਤ ਅਹਿਮ’ ਨਵੀਂ ਹਥਿਆਰ ਪ੍ਰਣਾਲੀ ਦੀ ਵਰਤੋਂ ਕੀਤੀ ਗਈ। ਉੱਤਰੀ ਕੋਰੀਆ ਵੱਲੋਂ ਜਾਰੀ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਜਿਹੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਜਿਸ ਨੂੰ ਪਹਿਲਾਂ ‘ਹਾਈਪਰਸੋਨਿਕ’ ਦੱਸਿਆ ਗਿਆ ਸੀ।
ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ. ਸੀ. ਐੱਨ. ਏ.) ਅਨੁਸਾਰ, ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਕਿਹਾ ਕਿ ਇਸ ਹਥਿਆਰ ਦੇ ਬਣਨ ਨਾਲ ਦੇਸ਼ ਦੀ ਯੁੱਧ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਉਸ ਦੇ ਦੁਸ਼ਮਣਾਂ ਲਈ ਇਹ ‘ਅਜਿਹਾ ਸਿਰਦਰਦ ਬਣੇਗਾ, ਜਿਸ ਦਾ ਕੋਈ ਇਲਾਜ ਨਹੀਂ ਹੋਵੇਗਾ।’ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਿਹੜਾ ਹਥਿਆਰ ਹੈ। ਕਿਮ ਨੇ ਐਤਵਾਰ ਨੂੰ ਆਪਣੀ ਧੀ ਨਾਲ ਇਹ ਪ੍ਰੀਖਣ ਦੇਖੇ।
ਦੱਖਣੀ ਕੋਰੀਆ ਦੀ ਫੌਜ ਅਨੁਸਾਰ, ਉੱਤਰੀ ਕੋਰੀਆ ਨੇ ਪੂਰਬੀ ਤੱਟ ’ਤੇ ਵੋਨਸਨ ਇਲਾਕੇ ਤੋਂ 3 ਘੰਟਿਆਂ ਦੇ ਵਕਫੇ ’ਚ ਘੱਟ ਦੂਰੀ ਵਾਲੀਆਂ 2 ਮਿਜ਼ਾਈਲਾਂ ਦਾਗੀਆਂ, ਜੋ ਸਮੁੰਦਰ ਵੱਲ ਕ੍ਰਮਵਾਰ ਲੱਗਭਗ 450 ਅਤੇ 600 ਕਿਲੋਮੀਟਰ (280 ਮੀਲ ਅਤੇ 370 ਮੀਲ) ਤੱਕ ਗਈਆਂ।
PM ਨਰਿੰਦਰ ਮੋਦੀ ਜਾਣਗੇ ਕੈਨੇਡਾ ! ਮਾਰਕ ਕਾਰਨੀ ਨੇ ਕੀਤਾ ਵੱਡਾ ਖੁਲਾਸਾ
NEXT STORY