ਮੈਡਰਿਡ (ਸਪੇਨ) (ਸਰਬਜੀਤ ਸਿੰਘ ਬਨੂੜ) : ਸਪੇਨ ਸਰਕਾਰ ਵੱਲੋਂ ਇਮੀਗ੍ਰੇਸ਼ਨ ਕਾਨੂੰਨ ਵਿੱਚ ਕੀਤੀ ਗਈ ਤਾਜ਼ਾ ਸੋਧ ਨਾਲ ਹਜ਼ਾਰਾਂ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਲਈ ਕਾਨੂੰਨੀ ਹੋਣ ਦਾ ਰਸਤਾ ਖੁੱਲ੍ਹ ਗਿਆ ਹੈ। ਨਵੇਂ ਨਿਯਮਾਂ ਅਨੁਸਾਰ ਜੋ ਲੋਕ 31 ਦਸੰਬਰ 2025 ਤੋਂ ਪਹਿਲਾਂ ਸਪੇਨ ਵਿੱਚ ਮੌਜੂਦ ਹਨ ਅਤੇ ਜਿਨ੍ਹਾਂ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਰਹਾਇਸ਼ੀ ਸਬੂਤ ਹੈ, ਉਹ ਰੇਜ਼ੀਡੈਂਸੀ ਅਤੇ ਵਰਕ ਪਰਮਿਟ ਲਈ ਅਰਜ਼ੀ ਦੇ ਸਕਣਗੇ।
ਇਸ ਫ਼ੈਸਲੇ ਨਾਲ ਸਭ ਤੋਂ ਵੱਧ ਲਾਭ ਭਾਰਤ ਤੋਂ ਆਏ ਲੋਕਾਂ ਨੂੰ ਹੋ ਸਕਦਾ ਹੈ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ, ਜੋ ਕਈ ਸਾਲਾਂ ਤੋਂ ਸਪੇਨ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਬਿਨਾਂ ਕਾਗਜ਼ਾਂ ਦੇ ਮਿਹਨਤ-ਮਜ਼ਦੂਰੀ ਕਰ ਰਹੇ ਹਨ।
ਦੂਤਘਰ ਬਣਿਆ ਰੁਕਾਵਟ
ਪਰ ਦੂਜੇ ਪਾਸੇ, ਇਸ ਕਾਨੂੰਨ ਦਾ ਲਾਭ ਲੈਣ ਵਿੱਚ ਸਭ ਤੋਂ ਵੱਡੀ ਰੁਕਾਵਟ ਸਪੇਨ ਸਥਿਤ ਭਾਰਤੀ ਦੂਤਾਵਾਸ ਬਣ ਕੇ ਸਾਹਮਣੇ ਆ ਰਹੀ ਹੈ। ਸਪੇਨ 'ਚ ਰਹਿੰਦੇ ਕਈ ਪੰਜਾਬੀ ਨੌਜਵਾਨਾਂ ਨੇ ਜਗਬਾਣੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਸਾਨੂੰ ਨਾ ਨਵਾਂ ਪਾਸਪੋਰਟ ਮਿਲ ਰਿਹਾ ਹੈ, ਨਾ ਰੀਨਿਊ ਹੋ ਰਿਹਾ ਹੈ। ਬਿਨਾਂ ਪਾਸਪੋਰਟ ਅਸੀਂ ਸਪੇਨ ਦੇ ਨਵੇਂ ਕਾਨੂੰਨ ਹੇਠ ਪੇਪਰਾਂ ਲਈ ਅਰਜ਼ੀ ਨਹੀਂ ਦੇ ਸਕਦੇ। ਦੂਤਾਵਾਸ ਅਧਿਕਾਰੀਆਂ ਦਾ ਰਵੱਈਆ ਮਤਰੇਈ ਮਾਂ ਵਰਗਾ ਮਹਿਸੂਸ ਹੋ ਰਿਹਾ ਹੈ।
ਨਾਂ ਪਿੱਛੇ ਸਿੰਘ ਹੋਣ ਕਰਕੇ ਪੇਸ਼ ਆ ਰਹੀ ਮੁਸ਼ਕਲ
ਨੌਜਵਾਨਾਂ ਦਾ ਦੋਸ਼ ਹੈ ਕਿ ਖ਼ਾਸ ਕਰਕੇ ‘ਸਿੰਘ’ ਨਾਂ ਵਾਲੇ ਪਾਸਪੋਰਟ ਧਾਰਕਾਂ ਨਾਲ ਦੂਤਾਵਾਸ ਵੱਲੋਂ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਕਈ ਕੇਸਾਂ ਵਿੱਚ ਸਿੱਧਾ ਇਨਕਾਰ ਕਰ ਦਿੱਤਾ ਜਾਂਦਾ ਹੈ। ਸੂਤਰਾਂ ਅਨੁਸਾਰ ਕੁਝ ਸਾਲ ਪਹਿਲਾਂ ਦੂਤਾਵਾਸ ਵਿੱਚ ਰਿਸ਼ਵਤ ਲੈ ਕੇ ਪਾਸਪੋਰਟ ਬਣਾਉਣ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਸਿਸਟਮ ਨੂੰ ਇੰਨਾ ਸਖ਼ਤ ਕਰ ਦਿੱਤਾ ਗਿਆ ਕਿ ਹੁਣ ਉਸ ਦੀ ਮਾਰ ਅਸਲੀ ਅਤੇ ਹੱਕਦਾਰ ਭਾਰਤੀ ਨਾਗਰਿਕਾਂ ਨੂੰ ਭੁਗਤਣੀ ਪੈ ਰਹੀ ਹੈ।
ਪੰਜ ਲੱਖ ਲੋਕਾਂ ਲਈ ਖੁੱਲ ਸਕਦੈ ਰਾਹ
ਜ਼ਿਕਰਯੋਗ ਹੈ ਕਿ ਬਹੁਤੇ ਪੰਜਾਬੀ ਨੌਜਵਾਨ ਏਜੰਟਾਂ ਦੇ ਰਸਤੇ ਯੂਰਪ ਪਹੁੰਚੇ ਅਤੇ ਉਨ੍ਹਾਂ ਦੇ ਕਹਿਣ ‘ਤੇ ਰਾਜਸੀ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਤਾਂ ਜੋ ਉਹ ਇੱਥੇ ਰਹਿ ਕੇ ਕੰਮ ਕਰ ਸਕਣ। ਹੁਣ ਸਪੇਨ ਸਰਕਾਰ ਦੀ ਨਵੀਂ ਨੀਤੀ ਨਾਲ ਲਗਭਗ 5 ਲੱਖ ਤੱਕ ਲੋਕਾਂ ਲਈ ਕਾਨੂੰਨੀ ਹੋਣ ਦਾ ਰਾਹ ਖੁੱਲ੍ਹ ਸਕਦਾ ਹੈ, ਪਰ ਪਾਸਪੋਰਟ ਨਾ ਹੋਣ ਕਾਰਨ ਇਹ ਮੌਕਾ ਹੱਥੋਂ ਨਿਕਲਦਾ ਦਿਸ ਰਿਹਾ ਹੈ। ਸਪੇਨ ਵਿੱਚ ਰਹਿੰਦੇ ਭਾਰਤੀਆਂ ਦਾ ਕਹਿਣਾ ਹੈ ਕਿ ਕੁਝ ਹੋਰ ਦੇਸ਼ਾਂ ਦੇ ਦੂਤਾਵਾਸ ਤਾਂ ਐਮਰਜੈਂਸੀ ਹਾਲਾਤਾਂ ਵਿੱਚ ਰਾਤ ਦੇ ਸਮੇਂ ਵੀ ਟ੍ਰੈਵਲ ਡੌਕੂਮੈਂਟ ਜਾਰੀ ਕਰ ਰਹੇ ਹਨ, ਪਰ ਭਾਰਤੀ ਦੂਤਾਵਾਸ ਦੀ ਕਾਰਗੁਜ਼ਾਰੀ ਇਸ ਦੇ ਬਿਲਕੁਲ ਉਲਟ ਹੈ।
ਭਾਰਤ ਸਰਕਾਰ ਨੂੰ ਕੀਤੀ ਮੰਗ
ਇਸ ਮਾਮਲੇ ਨੂੰ ਲੈ ਕੇ ਸਪੇਨ ਵਿੱਚ ਰਹਿੰਦੇ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਪਾਸਪੋਰਟ ਜਾਰੀ ਕੀਤੇ ਜਾਣ ਤਾਂ ਜੋ ਉਹ ਸਪੇਨ ਦੇ ਨਵੇਂ ਕਾਨੂੰਨ ਦਾ ਲਾਭ ਲੈ ਸਕਣ ਅਤੇ 15–20 ਸਾਲਾਂ ਤੋਂ ਵਿਛੁੜੇ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਇਸ ਦੌਰਾਨ ਸੂਤਰਾਂ ਮੁਤਾਬਕ, ਜਿੱਥੇ ਦੂਤਘਰ ਵੱਲੋਂ ਪਾਸਪੋਰਟ ਜਾਰੀ ਕਰਨ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ, ਉਥੇ ਹੀ ਕੁਝ ਏਜੰਟ ਮੋਟੀ ਰਕਮ ਲੈ ਕੇ ਪਾਸਪੋਰਟ ਦਿਵਾਉਣ ਦੀਆਂ ਕੰਨਸੋਆਂ ਵੀ ਗਰਮ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜੋ ਸਿਸਟਮ ‘ਤੇ ਹੋਰ ਗੰਭੀਰ ਸਵਾਲ ਖੜੇ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਤੇ EU ਵਿਚਾਲੇ ਇਤਿਹਾਸਕ ਵਪਾਰਕ ਸਮਝੌਤਾ, ਅੰਤਰਰਾਸ਼ਟਰੀ ਮੀਡੀਆ 'ਚ ਛਾਇਆ 'ਮੋਦੀ ਮੈਜਿਕ'
NEXT STORY