ਇਸਲਾਮਾਬਾਦ (ਬਿਊਰੋ)— ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸ਼ੁੱਕਰਵਾਰ ਨੂੰ ਪਾਕਿਸਤਾਨ ਜਾਣਗੇ। ਵਾਂਗ ਦੀ ਇਹ ਯਾਤਰਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੀ ਯਾਤਰਾ ਦੇ 2 ਦਿਨ ਬਾਅਦ ਹੋ ਰਹੀ ਹੈ। ਵਾਂਗ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤੀ ਅਤੇ ਦੋ-ਪੱਖੀ ਰਣਨੀਤਕ ਹਿੱਸੇਦਾਰੀ ਨੂੰ ਵਧਾਉਣ ਲਈ ਦੇਸ਼ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਨਗੇ। ਇਮਰਾਨ ਖਾਨ ਦੇ ਅਹੁਦਾ ਸੰਭਾਲਣ ਮਗਰੋਂ ਕਿਸੇ ਚੀਨੀ ਅਧਿਕਾਰੀ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।
ਵਾਂਗ ਦੀ ਯਾਤਰਾ ਦਾ ਐਲਾਨ ਕਰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਇੰਗ ਨੇ ਮੀਡੀਆ ਨੂੰ ਦੱਸਿਆ ਕਿ ਉਹ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਦੋ-ਪੱਖੀ ਸੰਬੰਧਾਂ 'ਤੇ ਚਰਚਾ ਦੇ ਨਾਲ ਹੀ ਵਾਂਗ ਸਾਂਝੇ ਹਿੱਤਾਂ ਵਾਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਬੁਲਾਰੇ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਯਾਤਰਾ ਨਾਲ ਦੋਵੇਂ ਪੱਖ ਆਪਣੀ ਰਵਾਇਤੀ ਦੋਸਤੀ, ਹਰ ਤਰ੍ਹਾਂ ਦੇ ਸਹਿਯੋਗ ਅਤੇ ਚੀਨ-ਪਾਕਿਸਤਾਨ ਵਿਚਕਾਰ ਸਦਾਬਹਾਰ ਰਣਨੀਤਕ ਅਤੇ ਸਹਿਯੋਗੀ ਹਿੱਸੇਦਾਰੀ ਨੂੰ ਮਜ਼ਬੂਤ ਕਰ ਸਕਣਗੇ। ਇਸ ਦੇ ਇਲਾਵਾ ਉਸ ਨੇ ਕਿਹਾ,''ਅਸੀਂ ਚੰਗੇ ਗੁਆਂਢੀ, ਚੰਗੇ ਦੋਸਤ ਅਤੇ ਚੰਗੇ ਭਰਾ ਹਾਂ। ਸਾਡੇ ਦੋ-ਪੱਖੀ ਸੰਬੰਧਾਂ ਦਾ ਵਿਕਾਸ ਚੰਗੀ ਗਤੀ ਨਾਲ ਹੋ ਰਿਹਾ ਹੈ। ਸਾਡੇ ਵਿਚ ਲਗਾਤਾਰ ਉੱਚ ਪੱਧਰੀ ਲੈਣ-ਦੇਣ ਹੋ ਰਿਹਾ ਹੈ। ਵਿਹਾਰਕ ਸਹਿਯੋਗ ਅੱਗੇ ਵੱਧ ਰਿਹਾ ਹੈ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਚੰਗੇ ਨਤੀਜੇ ਮਿਲ ਰਹੇ ਹਨ।''
ਮਨਪ੍ਰੀਤ ਬਾਦਲ ਸਿੰਗਾਪੁਰ 'ਚ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਹੋਏ ਨਤਮਸਤਕ
NEXT STORY