ਕੋਪਨਹੇਗਨ (ANI) : ਡੈਨਮਾਰਕ ਦੇ ਸਰਕਾਰੀ ਡਾਕ ਵਿਭਾਗ, ਪੋਸਟਨੋਰਡ (PostNord) ਨੇ ਮੰਗਲਵਾਰ ਨੂੰ ਆਪਣੀ ਆਖਰੀ ਚਿੱਠੀ ਵੰਡ ਕੇ 400 ਸਾਲਾਂ ਤੋਂ ਚੱਲੀ ਆ ਰਹੀ ਰਵਾਇਤੀ ਡਾਕ ਸੇਵਾ ਨੂੰ ਅਧਿਕਾਰਤ ਤੌਰ 'ਤੇ ਸਮਾਪਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡੈਨਮਾਰਕ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਇਹ ਐਲਾਨ ਕੀਤਾ ਹੈ ਕਿ ਡਿਜੀਟਲ ਯੁੱਗ 'ਚ ਚਿੱਠੀਆਂ ਦੀ ਵੰਡ ਹੁਣ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਆਰਥਿਕ ਤੌਰ 'ਤੇ ਫਾਇਦੇਮੰਦ।
90 ਫੀਸਦੀ ਘਟੀ ਚਿੱਠੀਆਂ ਦੀ ਗਿਣਤੀ
ਸੂਤਰਾਂ ਅਨੁਸਾਰ, ਡਿਜੀਟਲ ਸੰਚਾਰ ਦੇ ਵਧਦੇ ਪ੍ਰਭਾਵ ਕਾਰਨ ਚਿੱਠੀਆਂ ਦੀ ਵਰਤੋਂ 'ਚ ਭਾਰੀ ਗਿਰਾਵਟ ਆਈ ਹੈ। ਸਾਲ 2000 ਦੇ ਮੁਕਾਬਲੇ 2024 ਵਿੱਚ ਚਿੱਠੀਆਂ ਦੀ ਗਿਣਤੀ 'ਚ 90 ਫੀਸਦੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਲੋਕ ਹੁਣ ਈਮੇਲ, ਵਟਸਐਪ, ਵੀਡੀਓ ਕਾਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰ ਰਹੇ ਹਨ, ਜਿਸ ਕਾਰਨ ਕਾਗਜ਼ੀ ਚਿੱਠੀਆਂ ਦਾ ਰੁਝਾਨ ਲਗਭਗ ਖ਼ਤਮ ਹੋ ਗਿਆ ਹੈ।
ਲਾਲ ਲੈਟਰਬਾਕਸਾਂ ਦੀ ਵਿਕਰੀ 'ਤੇ ਲੁਟਾਇਆ ਲੋਕਾਂ ਨੇ ਪਿਆਰ
ਡਾਕ ਵਿਭਾਗ ਨੇ ਇਸ ਸਾਲ ਦੇ ਸ਼ੁਰੂ 'ਚ ਦੇਸ਼ ਭਰ ਵਿੱਚੋਂ ਲਗਭਗ 1,500 ਆਈਕਾਨਿਕ ਲਾਲ ਰੰਗ ਦੇ ਲੈਟਰਬਾਕਸ ਹਟਾ ਦਿੱਤੇ ਸਨ। ਜਦੋਂ ਇਨ੍ਹਾਂ ਹਟਾਏ ਗਏ ਬਕਸਿਆਂ ਨੂੰ ਚੈਰਿਟੀ ਲਈ ਵੇਚਣ ਦਾ ਫੈਸਲਾ ਕੀਤਾ ਗਿਆ ਤਾਂ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਹਜ਼ਾਰਾਂ ਡੈਨਮਾਰਕ ਨਿਵਾਸੀਆਂ ਨੇ ਇਨ੍ਹਾਂ ਨੂੰ 1,500 ਤੋਂ 2,000 ਡੈਨਿਸ਼ ਕਰੋਨ (Danish Krone) ਦੀ ਕੀਮਤ 'ਤੇ ਖਰੀਦਣ ਲਈ ਬੋਲੀ ਲਗਾਈ, ਜੋ ਕਿ ਡਾਕ ਸੇਵਾ ਨਾਲ ਉਨ੍ਹਾਂ ਦੇ ਭਾਵਨਾਤਮਕ ਲਗਾਵ ਨੂੰ ਦਰਸਾਉਂਦਾ ਹੈ।
ਹੁਣ ਕਿਵੇਂ ਹੋਵੇਗੀ ਚਿੱਠੀਆਂ ਦੀ ਡਿਲੀਵਰੀ?
ਜਿਹੜੇ ਲੋਕ ਅਜੇ ਵੀ ਲਿਖੀਆਂ ਚਿੱਠੀਆਂ ਭੇਜਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਇਹ ਚਿੱਠੀਆਂ ਰਿਟੇਲ ਦੁਕਾਨਾਂ ਵਿੱਚ ਬਣੇ ਕਿਓਸਕਾਂ 'ਤੇ ਜਮ੍ਹਾ ਕਰਵਾਉਣੀਆਂ ਪੈਣਗੀਆਂ। ਉੱਥੋਂ ਇੱਕ ਨਿੱਜੀ ਕੰਪਨੀ (DAO) ਇਨ੍ਹਾਂ ਚਿੱਠੀਆਂ ਨੂੰ ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਦਾ ਕੰਮ ਕਰੇਗੀ। ਹਾਲਾਂਕਿ, ਪੋਸਟਨੋਰਡ ਆਪਣੀ ਪਾਰਸਲ ਸੇਵਾ ਜਾਰੀ ਰੱਖੇਗਾ, ਕਿਉਂਕਿ ਆਨਲਾਈਨ ਸ਼ਾਪਿੰਗ ਕਾਰਨ ਪਾਰਸਲਾਂ ਦੀ ਮੰਗ ਅਜੇ ਵੀ ਬਹੁਤ ਜ਼ਿਆਦਾ ਹੈ।
ਡਿਜੀਟਲ ਕ੍ਰਾਂਤੀ ਦਾ ਅਸਰ
ਪੋਸਟਨੋਰਡ ਦੇ ਬੁਲਾਰੇ ਐਂਡਰੀਅਸ ਬ੍ਰੇਥਵਡ ਨੇ ਦੱਸਿਆ ਕਿ ਲਗਭਗ ਹਰ ਡੈਨਮਾਰਕ ਨਿਵਾਸੀ ਹੁਣ ਪੂਰੀ ਤਰ੍ਹਾਂ ਡਿਜੀਟਲ ਹੋ ਚੁੱਕਾ ਹੈ ਅਤੇ ਜ਼ਿਆਦਾਤਰ ਸਰਕਾਰੀ ਸੇਵਾਵਾਂ ਵੀ ਆਨਲਾਈਨ ਪਲੇਟਫਾਰਮਾਂ 'ਤੇ ਚੱਲ ਰਹੀਆਂ ਹਨ, ਜਿਸ ਕਾਰਨ ਕਾਗਜ਼ੀ ਸੰਚਾਰ ਦੀ ਲੋੜ ਨਹੀਂ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਾਲਿਦਾ ਜ਼ੀਆ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਢਾਕਾ ਪਹੁੰਚੇ ਜੈਸ਼ੰਕਰ
NEXT STORY