ਇਸਲਾਮਾਬਾਦ (ਬਿਊਰੋ): ਪਾਕਿਸਤਾਨ ਤੋਂ ਇਕ ਵਾਰ ਫਿਰ 13 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਿੰਧ ਸੂਬੇ ਦੇ ਕਾਸ਼ਮੋਰ ਦੇ ਤੰਗਵਾਨੀ ਤਾਲੁਕਾ ਦਾ ਦੱਸਿਆ ਜਾ ਰਿਹਾ ਹੈ। ਕੁੜੀ ਦਾ ਨਾਮ ਕਵਿਤਾ ਬਾਈ ਦੱਸਿਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਕਥਿਤ ਤੌਰ 'ਤੇ ਬਹਿਲਾਨੀ ਕਬੀਲੇ ਦੇ ਇਕ ਵਿਅਕਤੀ ਨੇ ਅਗਵਾ ਕਰ ਲਿਆ, ਜਿਸ ਮਗਰੋਂ ਬਰੇਲਵੀ ਧਾਰਮਿਕ ਆਗੂ ਮੀਆਂ ਮਿੱਠੂ ਨੇ ਜ਼ਬਰੀ ਉਸ ਦਾ ਧਰਮ ਪਰਿਵਤਰਨ ਕਰਾਇਆ ਅਤੇ ਫਿਰ ਉਸ ਦੇ ਅਗਵਾਕਰਤਾ ਨਾਲ ਵਿਆਹ ਕਰਾ ਦਿੱਤਾ। ਇਸ ਘਟਨਾ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈਕਿ 8 ਮਾਰਚ ਨੂੰ ਪੰਜ ਹਥਿਆਰਬੰਦ ਲੋਕਾਂ ਨੇ ਉਹਨਾਂ ਦੀ ਬੇਟੀ ਨੂੰ ਘਰੋਂ ਅਗਵਾ ਕਰ ਲਿਆ ਅਤੇ ਫਿਰ ਜ਼ਬਰੀ ਧਰਮ ਪਰਿਵਰਤਨ ਕਰਾ ਕੇ ਉਸ ਦਾ ਨਿਕਾਹ ਅਗਵਾਕਰਤਾ ਨਾਲ ਕਰਾ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਸਮਾ ਟੀਵੀ ਦੀ ਇਕ ਰਿਪੋਰਟ ਮੁਤਾਬਕ, ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ 8 ਮਾਰਚ ਨੂੰ ਪੰਜ ਲੋਕਾਂ ਨੇ ਘਰੋਂ ਅਗਵਾ ਕਰ ਲਿਆ। ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਅਗਵਾ ਕਰਤਾਵਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੜੀ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਪੰਜ ਲੋਕ ਉਹਨਾਂ ਦੀ ਬੇਟੀ ਨੂੰ ਘਰੋਂ ਘੜੀਸ ਕੇ ਲੈ ਗਏ ਅਤੇ ਫਿਰ ਬਾਹਰ ਖੜ੍ਹੀ ਗੱਡੀ ਵਿਚ ਬਿਠਾ ਕੇ ਉੱਥੋਂ ਭੱਜ ਗਏ।
ਕੁੜੀ ਦੇ ਪਿਤਾ ਨੇ ਕੀਤੀ ਸ਼ਿਕਾਇਤ
ਕੁੜੀ ਦੇ ਪਿਤਾ ਮੁਤਾਬਕ, ਉਹਨਾਂ ਨੇ ਆਪਣੀ ਬੇਟੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਗਵਾਕਰਤਾ ਨੇ ਉਹਨਾਂ ਨੂੰ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ। ਉਹਨਾਂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹ ਪੰਜ ਵਿਚੋਂ ਚਾਰ ਅਗਵਾ ਕਰਤਾਵਾਂ ਦੀ ਪਛਾਣ ਕਰ ਸਕਦੇ ਹਨ। ਉਹਨਾਂ ਨੇ ਪੁਲਸ ਨੂੰ ਉਹਨਾਂ ਦੇ ਨਾਮ ਵੀ ਦੱਸੇ ਜੋ ਇਸ ਤਰ੍ਹਾਂ ਹਨ- ਮੁਸ਼ਤਾਕ, ਭੁਰਾਲ, ਰੂਸਤਮ ਅਤੇ ਮੁਹੰਮਦ ਬਕਸ। ਇਹਨਾਂ ਵਿਚੋਂ 2 ਲੋਕਾਂ ਕੋਲ ਪਿਸਚੌਲ ਸੀ ਅਤੇ ਜਾਂਦੇ ਸਮੇਂ ਉਹਨਾਂ ਨੇ ਧਮਕੀ ਦਿੱਤੀ ਕਿ ਉਹ ਉਹਨਾਂ ਦੇ ਰਸਤੇ ਵਿਚ ਨਾ ਆਵੇ।
ਪੁਲਸ ਨੂੰ ਦਿੱਤੇ ਬਿਆਨ ਵਿਚ ਕੁੜੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਜਾਂਦੇ-ਜਾਂਦੇ ਅਗਵਾਕਰਤਾ ਕਹਿ ਗਏ ਸਨ ਕਿ ਉਹਨਾਂ ਦੀ ਬੇਟੀ ਦਾ ਨਿਕਾਹ ਉਹ ਮੁਸ਼ਤਾਕ ਨਾਲ ਕਰਾਉਣਗੇ। ਇਸ ਸੰਬੰਧ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਗਿਆ ਹੈਕਿ ਕੁੜੀ ਦਾ ਧਰਮ ਪਰਿਵਰਤਨ ਦਹਾਰਕੀ ਵਿਚ ਖਾਨਕਾ-ਏ-ਆਲੀਆ ਕਾਦਰੀਆ ਭਰਚੁੰਡੀ ਸ਼ਰੀਫ ਦੇ ਕਾਰਜਕਾਰੀ ਪੀਰ ਅਬਦੁੱਲ ਖਾਲਿਕ ਦੀ ਮੌਜੂਦਗੀ ਵਿਚ ਮੰਗਲਵਾਰ ਨੂੰ ਕਰਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਵੈਡਿੰਗ ਫੋਟੋਸ਼ੂਟ 'ਚ 'ਸ਼ੇਰ ਦੇ ਬੱਚੇ' ਦੀ ਵਰਤੋਂ, ਤਸਵੀਰਾਂ ਤੇ ਵੀਡੀਓ ਵਾਇਰਲ
ਕੁੜੀ ਨੇ ਅਦਾਲਤ ਤੋਂ ਮੰਗੀ ਸੁਰੱਖਿਆ
ਭਾਵੇਂਕਿ ਕੁੜੀ ਕਥਿਤ ਤੌਰ 'ਤੇ ਬੁੱਧਵਾਰ ਨੂੰ ਇਕ ਅਦਾਲਤ ਵਿਚ ਪੇਸ਼ ਹੋਈ ਅਤੇ ਦਾਅਵਾ ਕੀਤਾ ਕਿ ਉਹ 18 ਸਾਲ ਤੋਂ ਵੱਧ ਉਮਰ ਦੀ ਸੀ। ਅਦਾਲਤ ਵਿਚ ਉਸ ਦੇ ਬਿਆਨ ਦੇ ਬਾਅਦ ਉਸ ਨੂੰ ਕਸ਼ਮੋਰ ਤੋਂ ਘੋਟਕੀ ਵਿਚ ਟਰਾਂਸਫਰ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਸੀਕਿ ਉਸ ਨੇ ਆਪਣੇ ਮਾਤਾ-ਪਿਤਾ ਦੀ ਇੱਛਾ ਵਿਰੁੱਧ ਨਿਕਾਹ ਕੀਤਾ ਸੀ। ਉਸ ਨੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਹੋਵੇਗੀ ਮੈਡੀਕਲ ਜਾਂਚ
ਕੁੜੀ ਦੇ ਦਾਅਵੇ ਦੇ ਬਾਵਜੂਦ ਪੁਲਸ ਨੇ ਸਿੰਧ ਬਾਲ ਵਿਆਹ ਵਿਰੋਧੀ ਕਾਨੂੰਨ ਦੇ ਤਹਿਤ ਇਕ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਬਾਲਗ ਅਤੇ ਨਾਬਾਲਗ ਦਾ ਵਿਆਹ ਕਰਨ 'ਤੇ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ। ਕੁੜੀ ਦੀ ਅਸਲੀ ਉਮਰ ਪਤਾ ਕਰਨ ਲਈ ਇਕ ਮੈਡੀਕਲ ਜਾਂਚ ਦਾ ਆਦੇਸ਼ ਦਿੱਤੇ ਜਾਣ ਦੀ ਸੰਭਾਵਨਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ : ਵੈਡਿੰਗ ਫੋਟੋਸ਼ੂਟ 'ਚ 'ਸ਼ੇਰ ਦੇ ਬੱਚੇ' ਦੀ ਵਰਤੋਂ, ਤਸਵੀਰਾਂ ਤੇ ਵੀਡੀਓ ਵਾਇਰਲ
NEXT STORY