ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕੁਝ ਜੱਜਾਂ ਵਿਰੱਧ ਆਪਣੀ ਵਿਦੇਸ਼ੀ ਜਾਇਦਾਦ ਲੁਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਜੱਜਾਂ ਕੋਲ ਸਪੇਨ, ਯੂ.ਕੇ. ਜਿਹੇ ਦੇਸ਼ਾਂ ਵਿਚ ਜਾਇਦਾਦਾਂ ਹਨ, ਜਿਨ੍ਹਾਂ ਦਾ ਵੇਰਵਾ ਸਰਕਾਰ ਨੂੰ ਨਹੀਂ ਦਿੱਤਾ ਗਿਆ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਰਾਸ਼ਟਰਪਤੀ ਆਰਿਫ ਅਲਵੀ ਨੇ ਸੀਨੀਅਰ ਅਦਾਲਤ ਨੂੰ ਇਨ੍ਹਾਂ 3 ਜੱਜਾਂ ਵਿਰੁੱਧ ਨੋਟਿਸ ਭੇਜਿਆ ਹੈ। ਇਨ੍ਹਾਂ ਜੱਜਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਐਲਾਨ ਕਰਦਿਆਂ ਵਿਦੇਸ਼ੀ ਜਾਇਦਾਦ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਭਾਵੇਂਕਿ ਇਸ ਗੱਲ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਕਿ ਅਦਾਲਤ ਨੂੰ ਜੱਜਾਂ ਵਿਰੁੱਧ ਇਹ ਨੋਟਿਸ ਮਿਲਿਆ ਹੈ ਜਾਂ ਨਹੀਂ।
ਰਿਪੋਰਟ ਮੁਤਾਬਕ ਕਾਨੂੰਨ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਇਹ ਹਵਾਲਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਮਦਦ ਨਾਲ ਦਾਇਰ ਕੀਤਾ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਇਨ੍ਹਾਂ ਜੱਜਾਂ ਵਿਚੋਂ ਕਿਸੇ ਇਕ ਦੀ ਪਤਨੀ ਨੇ ਸਪੇਨ ਵਿਚ ਕੁਝ ਜਾਇਦਾਦ ਖਰੀਦੀ, ਜਿਸ ਦਾ ਖੁਲਾਸਾ ਜਾਇਦਾਦ ਵੇਰਵੇ ਵਿਚ ਨਹੀਂ ਕੀਤਾ ਗਿਆ। ਕਾਨੂੰਨੀ ਮਾਹਰ ਇਸ ਬਾਰੇ ਪੂਰੀ ਪੜਤਾਲ ਕਰਨਗੇ। ਇਸ ਦੇ ਇਲਾਵਾ ਹਾਈ ਕੋਰਟ ਦੇ ਕੁਝ ਜੱਜਾਂ ਵਿਰੁੱਧ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਇਕ ਕਥਿਤ ਰੂਪ ਨਾਲ ਬ੍ਰਿਟੇਨ ਵਿਚ ਇਕ ਜਾਇਦਾਦ ਦਾ ਮਾਲਕ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵਿਦੇਸ਼ਾਂ ਵਿਚ ਗੈਰ ਕਾਨੂੰਨੀ ਧਨ ਨੂੰ ਲੈ ਕੇ ਸਖਤ ਕਦਮ ਚੁੱਕ ਰਹੀ ਹੈ।
ਓਹੀਓ 'ਚ ਤੂਫਾਨ ਤੋਂ ਬਾਅਦ ਲੱਖਾਂ ਘਰਾਂ ਦੀ ਬਿਜਲੀ ਬੰਦ
NEXT STORY