ਇਸਲਾਮਾਬਾਦ—ਪਾਕਿਸਤਾਨ 'ਚ ਇਨ੍ਹੀਂ ਦਿਨੀਂ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਖਰਾਬ ਹਨ ਕਿ ਸ਼ੂਗਰ ਦੇ ਮਰੀਜ਼ਾਂ ਲਈ ਇਨਸੁਲਿਨ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਦਰਅਸਲ, ਸਰਕਾਰ ਦੇ ਖਜ਼ਾਨੇ 'ਚ ਸਿਰਫ 6.7 ਅਰਬ ਡਾਲਰ ਹਨ ਅਤੇ ਉਹ ਇਨ੍ਹਾਂ ਨੂੰ ਵੀ ਖਰਚ ਨਹੀਂ ਕਰ ਸਕਦੀ, ਕਿਉਂਕਿ ਇਹ ਪੈਸਾ ਦੂਜੇ ਦੇਸ਼ਾਂ ਨੇ ਬਤੌਰ ਗਾਰੰਟੀਡ ਡਿਪਾਜ਼ਿਟ ਕਰਵਾਇਆ ਹੈ। ਇਹੀ ਕਾਰਨ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਕੱਚਾ ਮਾਲ ਜਾਂ ਰੈਡੀਮੇਡ ਦਵਾਈ ਦੀ ਖਰੀਦ ਵੀ ਨਹੀਂ ਹੋ ਪਾ ਰਹੀ। ਦੇਸ਼ 'ਚ ਜੋ ਉਪਲਬਧ ਦਵਾਈਆਂ ਹਨ, ਉਨ੍ਹਾਂ ਦੀ ਇੱਕ ਤਰ੍ਹਾਂ ਨਾਲ ਕਾਲਾਬਾਜ਼ਾਰੀ ਹੋ ਰਹੀ ਹੈ। 40 ਰੁਪਏ ਦੀ ਟੈਬਲੇਟ ਦੀ ਸਟ੍ਰਿਪ ਹੁਣ ਦੁੱਗਣੀ ਕੀਮਤ 'ਤੇ ਵੇਚੀ ਜਾ ਰਹੀ ਹੈ। ਫਾਰਮਾ ਸੈਕਟਰ ਦਾ ਕਹਿਣਾ ਹੈ ਕਿ ਜੇਕਰ ਦਵਾਈ ਦੀ ਦਰਾਮਦ ਜਲਦੀ ਸ਼ੁਰੂ ਨਾ ਕੀਤੀ ਗਈ ਤਾਂ ਸਥਿਤੀ ਬਹੁਤ ਖਤਰਨਾਕ ਹੋ ਸਕਦੀ ਹੈ।
ਇਸ ਦੌਰਾਨ ਪਾਕਿਸਤਾਨ ਸਰਕਾਰ ਨੇ 94 ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ, ਜਦੋਂਕਿ ਕੋਵਿਡ-19 ਦੇ ਇਲਾਜ 'ਚ ਵਰਤੀ ਜਾਣ ਵਾਲੀ ਇੱਕ ਪ੍ਰਯੋਗਾਤਮਕ ਦਵਾਈ ਰੇਮਡੇਸਿਵਿਰ ਦੀ ਕੀਮਤ 10,873 ਰੁਪਏ ਤੋਂ ਘਟਾ ਕੇ 8,244 ਰੁਪਏ ਕਰ ਦਿੱਤੀ ਹੈ। ਰਾਸ਼ਟਰੀ ਸਿਹਤ ਸੇਵਾਵਾਂ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਜ਼ਲ ਸੁਲਤਾਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸੰਘੀ ਮੰਤਰੀ ਮੰਡਲ ਨੇ ਕੁਝ ਨਾਜ਼ੁਕ ਜਾਂ ਜੀਵਨ-ਰੱਖਿਅਕ ਦਵਾਈਆਂ ਦੀ ਲੰਬੇ ਸਮੇਂ ਦੀ ਘਾਟ ਨੂੰ ਪੂਰਾ ਕਰਨ ਲਈ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਬਹੁਤ ਘੱਟ ਹੋਣ ਕਾਰਨ ਸਪਲਾਈ ਵੀ ਘੱਟ ਹੋ ਰਹੀ ਸੀ।
ਅਖਬਾਰ ਡਾਨ ਨੇ ਵਿਸ਼ੇਸ਼ ਸਹਾਇਕ ਦੇ ਹਵਾਲੇ ਨਾਲ ਕਿਹਾ, ''ਜਦੋਂ ਇਹ ਦਵਾਈਆਂ ਬਾਜ਼ਾਰ 'ਚ ਉਪਲਬਧ ਨਹੀਂ ਹੁੰਦੀਆਂ ਤਾਂ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ।'' ਸਿਹਤ ਮੰਤਰਾਲੇ ਨੇ ਬਾਅਦ 'ਚ ਇਕ ਬਿਆਨ 'ਚ ਕਿਹਾ ਕਿ ਕੈਬਨਿਟ ਨੇ ਅਧਿਕਤਮ ਪ੍ਰਚੂਨ ਕੀਮਤਾਂ (ਐੱਮ.ਆਰ.ਪੀ.) 'ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਐੱਮ.ਆਰ.ਪੀ. 30 ਜੂਨ 2021 ਤੱਕ ਲਾਗੂ ਰਹਿਣਗੇ। 'ਡੇਲੀ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਦਵਾਈਆਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ 'ਚ ਬਹੁਤ ਘੱਟ ਦਵਾਈਆਂ ਬਣਦੀਆਂ ਹਨ। ਇਨ੍ਹਾਂ ਦਾ ਕੱਚਾ ਮਾਲ ਭਾਰਤ, ਚੀਨ ਅਤੇ ਅਮਰੀਕਾ ਤੋਂ ਵੀ ਆਉਂਦਾ ਹੈ। ਸਰਕਾਰ ਦਾ ਖਜ਼ਾਨਾ ਖਾਲੀ ਹੈ, ਇਸ ਲਈ ਲਾਈਨ ਆਫ ਕ੍ਰੈਡਿਟ (ਆਯਾਤ ਲਈ ਫੰਡ) ਵੀ ਨਹੀਂ ਮਿਲ ਰਿਹਾ ਹੈ। ਇਸ ਕਾਰਨ ਦਵਾਈਆਂ ਦੀ ਕਮੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ ਮੁਤਾਬਕ ਦਵਾਈਆਂ ਦੀ ਕਮੀ ਦਾ ਸਭ ਤੋਂ ਵੱਡਾ ਕਾਰਨ ਕਾਲਾਬਾਜ਼ਾਰੀ ਹੈ। ਕਈ ਕੰਪਨੀਆਂ ਜ਼ਿਆਦਾ ਮੁਨਾਫੇ ਲਈ ਦਵਾਈ ਦਾ ਸਟਾਕ ਕਰ ਰਹੀਆਂ ਹਨ। ਇਸ ਕਾਰਨ ਜ਼ਰੂਰੀ ਦਵਾਈਆਂ ਵੀ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ।
ਸਿੰਗਾਪੁਰ ਦੇ ਸਿੱਖਾਂ ਵੱਲੋਂ ਚਾਰ ਸਾਲਾਂ ਦੇ ਵਕਫੇ ਤੋਂ ਬਾਅਦ ਕੀਰਤਨ ਦਰਬਾਰ ਆਯੋਜਿਤ
NEXT STORY