ਅੱਜ ਰਾਸ਼ਟਰੀ ਸਵੈਸੇਵਕ ਸੰਘ ਦੇ ਸਰਸੰਘਚਾਲਕ ਮਾਣਯੋਗ ਸ਼੍ਰੀ ਮੋਹਨ ਭਾਗਵਤ ਦੇ ਸ਼ਲਾਘਾਯੋਗ ਬਿਆਨ ਨੂੰ ਪੜ੍ਹ ਕੇ ਕੁਝ ਕਹਿਣ ਦੀ ਹਿੰਮਤ ਹੋਈ ਹੈ। ਉਨ੍ਹਾਂ ਨੇ ਰਾਜੇ ਦੇ ‘ਪ੍ਰਜਾ ਰੱਖਿਅਕ’ ਹੋਣ ਦਾ ਸੱਦਾ ਦਿੱਤਾ ਹੈ। ਦੂਜੀ ਵੱਡੀ ਢੁੱਕਵੀਂ ਗੱਲ ਜੋ ਉਨ੍ਹਾਂ ਨੇ ਕੀਤੀ ਕਿ ‘ਅਹਿੰਸਾ’ ਨਿਰਬਲ ਦਾ ਨਹੀਂ ਸਗੋਂ ਬਲਸ਼ਾਲੀ ਵਿਅਕਤੀ ਦਾ ਗੁਣ ਹੈ। ਦੁਸ਼ਟਾਂ ’ਤੇ ਕੀਤੀ ਗਈ ‘ਹਿੰਸਾ’ ‘ਅਹਿੰਸਾ’ ਹੀ ਹੈ। ਵੀਰ ਪੁਰਸ਼ ਹਮੇਸ਼ਾ ਦੁਸ਼ਟਾਂ ਦਾ ਨਾਸ ਕਰਦਾ ਹੈ ਪਰ ਉਹ ਹਿੰਸਾ ਨਹੀਂ ਸਗੋਂ ਮਨੁੱਖਤਾ ਦੀ ਰੱਖਿਆ ਲਈ ਕੀਤੀ ਗਈ ‘ਅਹਿੰਸਾ’ ਹੈ। ‘ਅਹਿੰਸਾ’ ਨੂੰ ਮਹਾਤਮਾ ਗਾਂਧੀ ਨੇ ਅਪਣਾਇਆ ਸੀ। ਆਓ ਅਸੀਂ ਸਾਰੇ ਮਿਲ-ਬੈਠ ਕੇ ਰਾਜੇ ਦੇ ‘ਪ੍ਰਜਾ ਰੱਖਿਅਕ’ ਹੋਣ ਦੇ ਵਿਸ਼ੇ ’ਤੇ ਵਿਚਾਰ ਕਰੀਏ।
‘ਰਾਜਨੀਤੀ’ ’ਚ ਰਾਜੇ ਦੇ ਦੈਵੀ ਸਿਧਾਂਤ ਦਾ ਭਰਪੂਰ ਵਰਣਨ ਹੋਇਆ ਹੈ। ‘ਮਾਈਟ ਇਜ਼ ਰਾਈਟ’ ਭਾਵ ‘ਮੱਛੀ ਨਿਆਂ’ ਦੀ ਪ੍ਰਧਾਨਤਾ ਸੀ। ਜਿਸ ਦੀ ਲਾਠੀ ਉਸ ਦੀ ਭੈਂਸ। ਅਜਿਹੀ ਅਵਿਵਸਥਾ ਨਾਲ ਸਮਾਜ ਨਹੀਂ ਚੱਲਦਾ। ਪ੍ਰਜਾ ਨੇ ਮਿਲ-ਬੈਠ ਕੇ ਆਪਣੇ ’ਚੋਂ ਇਕ ਵਿਅਕਤੀ ਨੂੰ ਆਪਣਾ ਰਾਜਾ ਚੁਣ ਲਿਆ। ਫਿਰ ਰਾਜਾ ਅਤੇ ਪ੍ਰਜਾ ’ਚ ਇਕ ਸੰਧੀ ਹੋਈ ਜਿਸ ਨੂੰ ‘ਰਾਜੇ ਦਾ ਦੈਵੀ ਸਿਧਾਂਤ’ ਕਿਹਾ ਗਿਆ ਹੈ। ਰਾਜਾ ਪ੍ਰਜਾ ਲਈ ‘ਪ੍ਰਭੂ’ ਹੈ। ਸੰਧੀ ਅਨੁਸਾਰ ਪ੍ਰਜਾ ਨੇ ਕਿਹਾ ਅੱਜ ਤੋਂ ਤੁਸੀਂ ਸਾਡੇ ਰਾਜਾ ਹੋ। ਤੁਹਾਨੂੰ ਸਾਡੀ ਰੱਖਿਆ ਕਰਨੀ ਹੋਵੇਗੀ।
ਪ੍ਰਜਾ ਜਦੋਂ ਆਰਾਮ ਨਾਲ ਸੌਂ ਜਾਵੇ ਤਾਂ ਤੁਹਾਨੂੰ ਪ੍ਰਜਾ ਦੀ ਰੱਖਿਆ ਕਰਨੀ ਹੋਵੇਗੀ। ਸਾਡੇ ਘਰ, ਖੇਤ-ਖਲਿਆਨ, ਸਾਡੀਆਂ ਬਹੂ-ਬੇਟੀਆਂ ਦੀ ਤੁਹਾਨੂੰ ਰੱਖਿਆ ਕਰਨੀ ਹੋਵੇਗੀ। ਇਹ ਸਭ ਕਰਨ ਲਈ ਪ੍ਰਜਾ ਆਪਣੇ ਵੀਰ ਪੁੱਤਰ ਰਾਜੇ ਨੂੰ ਦੇਵੇਗੀ। ਸ਼ਾਸਨ ਚਲਾਉਣ ਲਈ ਰਾਜੇ ਨੂੰ ਟੈਕਸ ਦੇਵੇਗੀ। ਜਦੋਂ ਕਦੇ ਰਾਜੇ ’ਤੇ ਸੰਕਟ ਆਵੇਗਾ, ਪ੍ਰਜਾ ਰਾਜੇ ਨੂੰ ਪੂਰਾ ਸਹਿਯੋਗ ਦੇਵੇਗੀ। ਰਾਜੇ ਨੇ ਕਿਹਾ ‘ਠੀਕ ਹੈ’ ਅਜਿਹਾ ਹੀ ਹੋਵੇਗਾ। ਸਮਾਜ ਰਾਜੇ ਦੇ ਰਾਜ ’ਚ ਅੱਗੇ ਵਧਦਾ ਚਲਾ ਗਿਆ।
ਲੋਕਤੰਤਰ ’ਚ ਵੀ ਪ੍ਰਜਾ ਆਪਣੇ ਰਾਜੇ ਦੀ ਚੋਣ ਇਕ ਨਿਸ਼ਚਿਤ ਮਿਆਦ ਲਈ ਕਰਦੀ ਹੈ ਪਰ ਰਾਜੇ ਦਾ ‘ਦੈਵੀ ਸਿਧਾਂਤ’ ਲੋਕਤੰਤਰ ’ਚ ਹੋਰ ਜ਼ਿਆਦਾ ਕੀਮਤੀ ਹੋ ਗਿਆ। ਲੋਕਤੰਤਰ ’ਚ ਰਾਜੇ ਨੂੰ ਨਿਸ਼ਚੈ ਹੀ ‘ਪ੍ਰਜਾ ਰੱਖਿਅਕ’, ‘ਪ੍ਰਜਾ ਕਲਿਆਣਕਾਰੀ’ ਅਤੇ ‘ਪ੍ਰਜਾ’ ਹਿੱਤ ਚਿੰਤਕ ਹੋਣਾ ਹੋਵੇਗਾ। ਦੁਸ਼ਟਾਂ ਦਾ ਦਮਨ ਕਰਨਾ ਹੀ ਹੋਵੇਗਾ ਜਦ ਕਿ ਰਾਜਿਆਂ, ਮਹਾਰਾਜਿਆਂ ਅਤੇ ਸ਼ਹਿਨਸ਼ਾਹਾਂ ਦੇ ਦੌਰ ਖਤਮ ਹੋ ਚੁੱਕੇ ਹਨ ਪਰ ਲੋਕਤੰਤਰ ’ਚ ਰਾਜੇ ਨੂੰ ‘ਪ੍ਰਜਾ ਕਲਿਆਣ’ ਲੋਕਾਂ ਦੇ ਜੀਵਨ ਦੀ ‘ਰੱਖਿਆ’ ਜ਼ਰੂਰ ਕਰਨੀ ਹੋਵੇਗੀ। ਨਹੀਂ ਤਾਂ ਅਗਲੀਆਂ ਚੋਣਾਂ ’ਚ ਜਨਤਾ ਪ੍ਰਜਾ ਦੀ ਰੱਖਿਆ ਨਾ ਕਰਨ ਵਾਲੇ ਰਾਜੇ ਨੂੰ ਗੱਦੀਓਂ ਲਾਹ ਦੇਵੇਗੀ।
ਲੋਕਤੰਤਰ ’ਚ ਆਈ. ਏ. ਐੱਸ., ਆਈ. ਪੀ. ਐੱਸ., ਜਾਸੂਸ, ਵਿਸ਼ ਕੰਨਿਆਵਾਂ, ਵੱਡੇ-ਵੱਡੇ ਅਫਸਰ ਪ੍ਰਸ਼ਾਸਨ ਚਲਾਉਣ ਲਈ ਰਾਜੇ ਦੇ ਸਹਾਇਕ ਹੁੰਦੇ ਹਨ। ਪੁਲਸ ਅਤੇ ਫੌਜ 24 ਘੰਟੇ ਰਾਜੇ ਦੇ ਹੁਕਮ ਨੂੰ ਮੰਨਣ ਲਈ ਤਿਆਰ ਰਹਿੰਦੇ ਹਨ। ਇੰਨੇ ਸਾਰੇ ਸਾਧਨ, ਇੰਨੀਆਂ ਤਰਕੀਬਾਂ ਹੋਣ ’ਤੇ ਵੀ ਜੰਮੂ-ਕਸ਼ਮੀਰ ’ਚ 1980 ਤੋਂ ਲੈ ਕੇ 2025 ਤੱਕ ਦੀ ਮਿਆਦ ’ਚ ਉੱਥੋਂ ਰਾਜਾ ‘ਮਿਸਿੰਗ’ ਦਿਖਾਈ ਦਿੱਤਾ। 30,000 ਲੋਕਾਂ ਦੀਆਂ ਬੇਸ਼ਕੀਮਤੀ ਜ਼ਿੰਦਗੀਆਂ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਹੱਥੋਂ ਖਤਮ ਹੋ ਗਈਆਂ। ਕਸ਼ਮੀਰ ਵਾਦੀ ਦੇ ਮਾਲਕ ‘ਕਸ਼ਮੀਰੀ ਪੰਡਿਤਾਂ’ ਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਸ਼ਮੀਰੀ ਪੰਡਿਤਾਂ ਦੇ ਮਾਲ-ਡੰਗਰ, ਘਰ-ਬਾਹਰ, ਖੇਤ-ਖਲਿਆਨ ’ਤੇ ਅੱਤਵਾਦੀਆਂ ਨੇ ਕਬਜ਼ਾ ਕਰ ਲਿਆ।
ਨਾਂ ਉੱਥੇ ਰਾਜਾ ਦਿਖਾਈ ਦਿੱਤਾ ਅਤੇ ਨਾ ਰਾਜੇ ਦਾ ਪ੍ਰਸ਼ਾਸਨ। ਸੁਣਿਆ ਹੈ ਰਾਜੇ ਅਤੇ ਪ੍ਰਸ਼ਾਸਨ ਦੀਆਂ ਅੱਖਾਂ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਹਨ ਪਰ ਜੰਮੂ-ਕਸ਼ਮੀਰ ਸੂਬੇ ’ਚ 1980 ਤੋਂ 2025 ਵਿਚਾਲੇ ਨਾ ਰਾਜਾ ਦਿਸਿਆ, ਨਾ ਹੀ ਉਸ ਦਾ ਪ੍ਰਸ਼ਾਸਨ। ਜੰਮੂ-ਕਸ਼ਮੀਰ ’ਚ ਸ਼ਰੇਅਾਮ ਪਾਕਿਸਤਾਨੀ ਝੰਡੇ ਲਹਿਰਾਏ ਜਾਂਦੇ ਹਨ, ਪਾਕਿਸਤਾਨ ਜ਼ਿੰਦਾਬਾਦ ਹੁੰਦਾ ਹੈ। ਰੋਜ਼ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਹੁੰਦੇ ਹਨ ਪਰ ਅੱਤਵਾਦੀਆਂ ਦੀਆਂ ਲਾਈਨਾਂ ਖਤਮ ਹੀ ਨਹੀਂ ਹੁੰਦੀਆਂ।
‘ਰਕਤਬੀਜ’ ਵਾਂਗ ਮੁੜ ਪੈਦਾ ਹੋ ਜਾਂਦੇ ਹਨ। 1980 ਤੋਂ ਸੁਣਦੇ ਆਏ ਹਾਂ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਆਖਰੀ ਸਾਹ ਲੈ ਰਿਹਾ ਹੈ। ਸਿਰਫ 256 ਅੱਤਵਾਦੀ ਹੀ ਬਾਕੀ ਬਚੇ ਹਨ। ਉਨ੍ਹਾਂ ਦਾ ਵੀ ਜਲਦ ਹੀ ਸਫਾਇਆ ਹੋ ਜਾਵੇਗਾ। ਜੰਮੂ-ਕਸ਼ਮੀਰ ’ਚ ‘ਰਾਜੇ ਦੇ ਦੈਵੀ ਸਿਧਾਂਤ’ ਨੂੰ ਕਤਲੇਆਮ ਦੇ ਰੂਪ ’ਚ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ’ਚ ਮਨੁੱਖਤਾ ਕਰਾਹ ਰਹੀ ਹੈ। ਰਾਜਾ-ਪ੍ਰਜਾ ’ਚ ਹੋਈ ਸੰਧੀ ਲਾਸ਼ਾਂ ਦੇ ਢੇਰ ’ਤੇ ਖੜ੍ਹੀ ਹੈ। ਜੰਮੂ-ਕਸ਼ਮੀਰ ’ਚ ਰਾਜੇ ਨੇ ‘ਪ੍ਰਜਾ ਰੱਖਿਅਕ’ ਹੋਣ ਦੇ ਸਾਰੇ ਦਾਅਵੇ ਛਿੱਕੇ ’ਤੇ ਟੰਗ ਦਿੱਤੇ ਹਨ। ਕਸ਼ਮੀਰ ਘਾਟੀ ’ਚ ਕੀ ਫੌਜ, ਕੀ ਪੁਲਸ, ਕੀ ਕਸ਼ਮੀਰੀ ਹਿੰਦੂ, ਕੀ ਕਸ਼ਮੀਰੀ ਮੁਸਲਮਾਨ ਅੱਤਵਾਦ ਦੀ ਹਨੇਰੀ ਦੀ ਲਪੇਟ ’ਚ ਆ ਚੁੱਕੇ ਹਨ।
ਮੀਡੀਆ, ਪ੍ਰੈੱਸ ਹੋਵੇ ਜਾਂ ਟੈਲੀਵਿਜ਼ਨ ਅੱਤਵਾਦੀਆਂ ਵਲੋਂ ਕਤਲੇਆਮ ਦੇ ਦ੍ਰਿਸ਼ ਤਾਂ ਦਿਖਾਉਣਗੇ ਹੀ ਪਰ ਇਸ ਦਾ ਅੰਤ ਕਿੱਥੇ ਹੋਵੇਗਾ, ਇਸ ’ਤੇ ਚੁੱਪੀ ਸਾਧ ਲੈਣਗੇ। ਰਾਜਾ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਖਾਤਮੇ ਦੀ ਗੱਲ ’ਤੇ ਲਲਕਾਰਦੇ ਤਾਂ ਜ਼ਰੂਰ ਹਨ ਪਰ ਧਰਾਤਲ ’ਤੇ ਹੰਝੂ ਵਹਾਉਂਦੀ ਮਨੁੱਖਤਾ ਦੇ ਦਰਦ ਨੂੰ ਦਿਲ ਨਾਲ ਕੋਈ ਮਹਿਸੂਸ ਨਹੀਂ ਕਰਦਾ। ਪਹਿਲਗਾਮ ’ਚ ਨਵੀਂ ਵਿਆਹੁਤਾ, ਲਾਲ ਚੂੜਾ ਪਹਿਨੀ ਔਰਤ ਨੂੰ ਉਸ ਦੇ ਪਤੀ ਦੀ ਲਾਸ਼ ’ਤੇ ਵਿਰਲਾਪ ਕਰਦੇ ਰਾਜੇ ਨੇ ਦੇਖਿਆ ਨਹੀਂ। ਹੱਦ ਹੈ, ਕਲਮਾ ਪੜ੍ਹਾ ਕੇ, ਮਰਦਾਂ ਦੀਆਂ ਪੈਂਟਾਂ ਉਤਰਵਾ ਕੇ ‘ਤੂੰ ਹਿੰਦੂ ਹੈਂ?’ ਧੜਾਧੜ ਗੋਲੀਆਂ ਨਾਲ ਅੱਤਵਾਦੀਆਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ।
ਅਚਾਨਕ ਸੈਲਾਨੀਆਂ ਦੇ ਘਰਾਂ ’ਚ ਮਾਤਮ ਛਾ ਗਿਆ। ਰੋਜ਼ ਤਿਰੰਗੇ ’ਚ ਲਿਪਟੀਆਂ ਫੌਜੀਆਂ, ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਘਰਾਂ ’ਚ ਪਹੁੰਚ ਰਹੀਆਂ ਹਨ। ਬੇਸਹਾਰਾ ਪ੍ਰਜਾ ਖੂਨ ਦੇ ਹੰਝੂ ਰੋ ਰਹੀ ਹੈ। ਰਾਜਾ ਕਹਿ ਤਾਂ ਜ਼ਰੂਰ ਰਿਹਾ ਹੈ ਕਿ ਅਸੀਂ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰਾਂਗੇ। ਪਾਕਿਸਤਾਨ ਨੂੰ ਉਸ ਦੇ ਘਰ ’ਚ ਵੜ ਕੇ ਮਾਰਾਂਗੇ ਪਰ 1980 ਤੋਂ 2025 ਆ ਗਿਆ, ਨਾ ਅੱਤਵਾਦੀ ਖਤਮ ਹੋਏ, ਨਾ ਅੱਤਵਾਦੀਆਂ ਨੂੰ ਪਨਾਹ ਅਤੇ ਟ੍ਰੇਨਿੰਗ ਦੇਣ ਵਾਲੇ ਅਤੇ ਨਾ ਪਾਕਿਸਤਾਨ ਦੀ ਹੋਂਦ ਖਤਮ ਹੋਈ। ਜੰਮੂ-ਕਸ਼ਮੀਰ ’ਚ ਖੂਨੀ ਖੇਡ ਬੰਦ ਹੋਣੀ ਚਾਹੀਦੀ ਹੈ। ਮੋਦੀ ਜੀ ਬੜੇ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਹਨ। ਕਿਉਂ ਨਹੀਂ ਅੱਤਵਾਦ ਦਾ ਨਾਮੋ-ਨਿਸ਼ਾਨ ਮਿਟਾ ਦਿੰਦੇ? ਲਕੀਰਾਂ ਪਿੱਟਣ ਨਾਲ ਕੁਝ ਨਹੀਂ ਬਣਦਾ। ਆਰ-ਪਾਰ ਦੀ ਜੰਗ ਹੋ ਜਾਣ ਦਿਓ। ਰਾਸ਼ਟਰ ਪਾਕਿਸਤਾਨ ਅੱਗੇ ਨਹੀਂ ਝੁਕ ਸਕਦਾ। ਭਾਰਤ ’ਚ ਇਕ ਨਵਾਂ ਮੁਸਲਿਮ ਦੇਸ਼ ਨਹੀਂ ਬਣ ਸਕਦਾ।
–ਮਾ. ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)
ਜਾਤੀ ਆਧਾਰਿਤ ਜਨਗਣਨਾ ਦਾ ਸਿਹਰਾ ਲੈਣ ਲਈ ਲੱਗੀ ਦੌੜ
NEXT STORY