ਕਰਾਚੀ (ਏਜੰਸੀ)- ਪਾਕਿਸਤਾਨ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ ਅਤੇ ਜੇਕਰ ਉਸ ਨੂੰ 6 ਹਫਤਿਆਂ ਅੰਦਰ 12 ਅਰਬ ਡਾਲਰ ਦਾ ਲੋਨ ਨਾ ਮਿਲਿਆ ਤਾਂ ਦੇਸ਼ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਇਹ ਗੱਲ ਕਿਸੇ ਹੋਰ ਨੇ ਨਹੀਂ, ਸਗੋਂ ਇਮਰਾਨ ਦੀ ਹੋਣ ਵਾਲੀ ਕੈਬਨਿਟ ਵਿਚ ਵਿੱਤ ਮੰਤਰੀ ਦੇ ਦਾਅਵੇਦਾਰ ਅਸਦ ਉਮਰ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ਵਿਚ ਛੱਡ ਦਿੱਤਾ ਗਿਆ।
ਪਾਕਿਸਤਾਨੀ ਕੰਪਨੀ ਐਂਗਰੋ ਕਾਰਪੋਰੇਸ਼ਨ ਦੇ ਸਾਬਕਾ ਮੁੱਖੀ ਰਹੇ ਅਸਦ ਉਮਰ ਨੇ ਕਿਹਾ ਕਿ ਦੇਸ਼ ਵਿਚ 10 ਤੋਂ 12 ਅਰਬ ਡਾਲਰ ਦੀ ਗੰਭੀਰ ਵਿੱਤੀ ਕਮੀ ਹੈ। ਨਿਊਜ਼ ਏਜੰਸੀ ਬਲੂਮਬਰਗ ਨਾਲ ਗੱਲਬਾਤ ਵਿਚ ਅਸਦ ਉਮਰ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਦੇਸ਼ ਬਿਲਕੁਲ ਬਰਬਾਦੀ ਦੀ ਕਗਾਰ 'ਤੇ ਖੜ੍ਹਾ ਹੈ। ਇਸ ਲਈ ਨਵੀਂ ਸਰਕਾਰ ਨੂੰ ਇਸ ਨੂੰ ਸੰਭਾਲਣ ਲਈ ਕੁਝ ਹੋਰ ਰਕਮ ਦੀ ਵੀ ਲੋੜ ਹੋਵੇਗੀ। ਉਮਰ ਨੇ ਕਿਹਾ ਕਿ ਪਾਕਿਸਤਾਨ ਨੂੰ ਅਗਲੇ 6 ਹਫਤਿਆਂ ਅੰਦਰ ਹੀ ਕਈ ਫੈਸਲੇ ਲੈਣੇ ਹੋਣਗੇ। ਜਿੰਨੀ ਦੇਰ ਹੋਵੇਗੀ, ਮੁਸ਼ਕਲ ਉਨੀ ਹੀ ਵਧ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਮਦਦ ਲਈ ਆਈ.ਐਮ.ਐਫ., ਦੋਸਤ ਦੇਸ਼ਾਂ ਨਾਲ ਗੱਲ ਕਰੇਗਾ। ਇਸ ਤੋਂ ਇਲਾਵਾ ਡਾਇਸਪੋਰਾ ਬਾਂਡ ਵੀ ਜਾਰੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ ਤਾਂ ਕਰ ਰਹੇ ਹਨ। ਪਰ ਉਥੋਂ ਦੀ ਖਸਤਾਹਾਲ ਅਰਥਵਿਵਸਥਾ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਕਈ ਨਿਵੇਸ਼ਕਾਂ ਅਤੇ ਜਾਣਕਾਰਾਂ ਨੂੰ ਲੱਗਦਾ ਹੈ ਕਿ ਜੇਕਰ ਚੀਨ ਅਤੇ ਆਈ.ਐਮ.ਐਫ. ਨੇ ਰਾਹਤ ਪੈਕੇਜ ਨਾ ਦਿੱਤਾ ਤਾਂ ਪਾਕਿਸਤਾਨ ਨੂੰ ਸੰਭਲਣਾ ਮੁਸ਼ਕਲ ਹੋਵੇਗਾ।1980 ਦੇ ਦਹਾਕੇ ਤੋਂ ਹੁਣ ਤੱਕ ਆਈ.ਐਮ.ਐਫ. ਪਾਕਿਸਤਾਨ ਨੂੰ 12 ਵਾਰ ਆਰਥਿਕ ਪ੍ਰੋਗਰਾਮਾਂ ਰਾਹੀਂ ਮਦਦ ਕਰ ਚੁੱਕਾ ਹੈ।
ਪਿਛਲੀ ਵਾਰ ਹੀ ਆਈ.ਐਮ.ਐਫ. ਨੇ ਤਕਰੀਬਨ 6.6 ਅਰਬ ਡਾਲਰ ਦਾ ਰਾਹਤ ਪੈਕੇਜ ਦਿੱਤਾ ਸੀ ਅਤੇ ਲਗਭਗ ਇੰਨਾ ਹੀ ਕਰਜ਼ਾ ਚੀਨ ਵੀ ਦੇ ਚੁੱਕਾ ਹੈ। ਅਸਦ ਨੇ ਜਨਤਾ ਨਾਲ ਇਹ ਵੀ ਵਾਅਦਾ ਕੀਤਾ ਕਿ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਚੀਨ ਤੋਂ ਪਾਕਿਸਤਾਨ ਨਾਲ ਹੋਣ ਵਾਲੇ ਸਾਰੇ ਸਮਝੌਤਿਆਂ ਨੂੰ ਜਨਤਕ ਕਰ ਦਿੱਤਾ ਜਾਵੇਗਾ। ਅਸਲ ਵਿਚ ਚੀਨ ਦੇ ਵਨ ਬੈਲਟ ਵਨ ਰੋਡ ਵਿਚ ਪਾਕਿਸਤਾਨ ਨੂੰ ਮਿਲਣ ਵਾਲੇ ਲੋਨ ਦੀਆਂ ਸ਼ਰਤਾਂ ਨੂੰ ਲੈ ਕੇ ਪਿਛਲੀ ਸਰਕਾਰ ਦੀ ਕਾਫੀ ਆਲੋਚਨਾ ਹੋਈ ਹੈ।
ਚੀਨ 'ਚ ਫਸੇ 300 ਪਾਕਿਸਤਾਨੀ ਯਾਤਰੀ ਸੋਮਵਾਰ ਨੂੰ ਪਰਤਣਗੇ ਆਪਣੇ ਦੇਸ਼
NEXT STORY