ਗੁਰਦਾਸਪੁਰ/ਬਲੋਚਿਸਤਾਨ (ਵਿਨੋਦ) - ਪਾਕਿਸਤਾਨੀ ਫੌਜ ’ਤੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਖਤਰਨਾਕ ਹਥਿਆਰਾਂ ਦੀ ਵਰਤੋਂ ਦੇ ਵਾਰ-ਵਾਰ ਦੋਸ਼ ਲਾਏ ਗਏ ਹਨ। ਇਕ ਵਾਰ ਫਿਰ ਇਕ ਬਲੋਚ ਨੇਤਾ ਨੇ ਗੰਭੀਰ ਦੋਸ਼ ਲਾਏ ਹਨ। ਸਰਹੱਦ ਪਾਰ ਸੂਤਰਾਂ ਅਨੁਸਾਰ ਬਲੋਚਿਸਤਾਨ ਦੇ ਵੱਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਪਾਕਿਸਤਾਨੀ ਫੌਜ ’ਤੇ ਗੰਭੀਰ ਦੋਸ਼ ਲਾਏ ਹਨ। ਮੀਰ ਨੇ ਦਾਅਵਾ ਕੀਤਾ ਹੈ ਕਿ ਅਸੀਮ ਮੁਨੀਰ ਦੀ ਅਗਵਾਈ ਵਾਲੀ ਫੌਜ ਬਲੋਚ ਲੋਕਾਂ ਵਿਰੁੱਧ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਮੀਰ ਯਾਰ ਜੋ ਲੰਬੇ ਸਮੇਂ ਤੋਂ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰ ਰਿਹਾ ਹੈ, ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਬਲੋਚ ਲੋਕਾਂ ਦਾ ਖੂਨ ਵਹਾਉਣ ’ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੁਨੀਆ ਨੂੰ ਇਸ ਵੱਲ ਧਿਆਨ ਦੇਣ ਅਤੇ ਅਸੀਮ ਮੁਨੀਰ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ।
ਸੂਤਰਾਂ ਅਨੁਸਾਰ ਮੀਰ ਯਾਰ ਨੇ ਆਪਣੇ ਟਵੀਟ ’ਚ ਲਿਖਿਆ ਕਿ ਬਲੋਚਿਸਤਾਨ ਦੇ ਵੱਖ-ਵੱਖ ਖੇਤਰਾਂ ’ਚ ਕਈ ਡਰੋਨ ਹਮਲਿਆਂ ਦੀਆਂ ਪੁਸ਼ਟੀ ਕੀਤੀਆਂ ਰਿਪੋਰਟਾਂ ਮਿਲੀਆਂ ਹਨ। ਅਸੀਂ ਅੰਤਰਰਾਸ਼ਟਰੀ ਹਥਿਆਰ ਮਾਹਿਰਾਂ ਅਤੇ ਸਬੰਧਿਤ ਜਾਂਚ ਏਜੰਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਪਾਕਿਸਤਾਨ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਸੁਤੰਤਰ ਤੌਰ ’ਤੇ ਮੁਲਾਂਕਣ ਕਰਨ।
ਮੀਰ ਅਨੁਸਾਰ ਪਾਕਿਸਤਾਨੀ ਹਵਾਈ ਸੈਨਾ ਰੋਜ਼ਾਨਾ 50 ਖੇਤਰਾਂ ’ਤੇ ਹਵਾਈ ਨਿਗਰਾਨੀ ਕਰ ਰਹੀ ਹੈ, ਜਿਸ ’ਚ ਕਲਾਤ, ਖੁਜ਼ਦਾਰ, ਮੰਗਚਰ, ਬੋਲਾਨ, ਕੋਹਲੂ, ਕਾਹਨ, ਚਗਾਈ, ਪੰਜਗੁਰ ਅਤੇ ਨੋਸ਼ਕੀ ਸ਼ਾਮਲ ਹਨ। ਸਾਨੂੰ ਡਰੋਨ ਹਮਲਿਆਂ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ। ਬਸਤੀਆਂ ’ਤੇ ਪਾਕਿਸਤਾਨੀ ਫੌਜ ਦੇ ਹਵਾਈ ਹਮਲਿਆਂ ਨੇ ਕਈ ਖੇਤਰਾਂ ’ਚ ਅੱਗ ਲਾ ਦਿੱਤੀ ਹੈ। ਅਜੀਬ ਪਦਾਰਥ, ਰਸਾਇਣਕ ਕਣਾਂ ’ਚ ਬਦਲ ਗਏ ਹਨ, ਚੱਟਾਨਾਂ ਅਤੇ ਮਲਬੇ ’ਤੇ ਮਿਲੇ ਹਨ। ਇਸ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਫੌਜ ਨੇ ਖਤਰਨਾਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਬਲੋਚ ਹਥਿਆਰ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਬਲੋਚ ਆਬਾਦੀ ਵਿਰੁੱਧ ਰਸਾਇਣਕ ਅਤੇ ਫਾਸਫੋਰਸ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਅਜਿਹੇ ਖਤਰਨਾਕ ਹਥਿਆਰਾਂ ਦੀ ਵਰਤੋਂ ਅੰਤਰਰਾਸ਼ਟਰੀ ਕਾਨੂੰਨ ਤਹਿਤ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।
ਪਾਕਿਸਤਾਨ ’ਤੇ ਜੰਗੀ ਅਪਰਾਧਾਂ ਅਤੇ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਲਈ ਅੰਤਰਰਾਸ਼ਟਰੀ ਅਦਾਲਤ ’ਚ ਮੁਕੱਦਮਾ ਚਲਾਇਆ ਜਾ ਸਕਦਾ ਹੈ। ਮੀਰ ਯਾਰ ਕਹਿੰਦੇ ਹਨ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪਾਕਿਸਤਾਨੀ ਫੌਜ ਨੇ ਅਜਿਹੀਆਂ ਚਾਲਾਂ ਦਾ ਸਹਾਰਾ ਲਿਆ ਹੈ। 2005 ’ਚ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਕਾਰਜਕਾਲ ਦੌਰਾਨ, ਕੋਹਲੂ, ਕਾਹਨ ਅਤੇ ਬਲੋਚਿਸਤਾਨ ਦੇ ਕਈ ਹੋਰ ਹਿੱਸਿਆਂ ’ਚ ਵੱਡੀ ਮਾਤਰਾ ’ਚ ਫਾਸਫੋਰਸ ਅਤੇ ਹੋਰ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਉਲੰਘਣਾਵਾਂ ਦੀ ਰਿਪੋਰਟ ਮੀਡੀਆ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਸ਼ਵਵਿਆਪੀ ਸੰਗਠਨਾਂ ਦੀ ਲਾਪ੍ਰਵਾਹੀ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।
G20 ਸੰਮੇਲਨ ਲਈ ਦੱਖਣੀ ਅਫ਼ਰੀਕਾ ਪਹੁੰਚੇ PM ਮੋਦੀ, ਸੱਭਿਆਚਾਰਕ ਸਮੂਹ ਨੇ ਕੀਤਾ ਨਿੱਘਾ ਸਵਾਗਤ
NEXT STORY