ਲੀਮਾ (ਬਿਊਰੋ): ਦੁਨੀਆ ਦੇ ਸਭ ਤੋਂ ਰਹੱਸਮਈ ਪੇਰੂ ਦੇ ਰੇਗਿਸਤਾਨ ਵਿਚ ਧਰਤੀ ਦਾ ਇਕ ਹੋਰ ਅਜੂਬਾ ਮਿਲਿਆ ਹੈ। ਪੁਰਾਤੱਤਵ ਵਿਗਿਆਨੀਆਂ ਨੂੰ ਇਕ 2200 ਸਾਲ ਪੁਰਾਣੀ ਬਿੱਲੀ ਦੀ ਵਿਸ਼ਾਲ ਆਕ੍ਰਿਤੀ (Geoglyphs) ਮਿਲੀ ਹੈ। ਇਸ ਦੀ ਖੋਜ ਕਰਨ ਵਾਲੇ ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਪੇਰੂ ਦੇ ਨਾਜ਼ਕਾ ਰੇਗਿਸਤਾਨ ਵਿਚ ਸਥਿਤ ਇਕ ਪਹਾੜੀ 'ਤੇ ਇਸ ਬਿੱਲੀ ਦੀ 121 ਫੁੱਟ ਲੰਬੀ ਆਕ੍ਰਿਤੀ ਬਣਾਈ ਗਈ ਹੈ। ਨਾਜ਼ਕਾ ਲਾਈਨਜ਼ ਪੇਰੂ ਵਿਚ ਸਦੀਆਂ ਤੋਂ ਸੁਰੱਖਿਅਤ ਹੈ ਅਤੇ ਇਸ ਨੂੰ ਨਾਜ਼ਕਾ ਸੰਸਕ੍ਰਿਤੀ ਦੀ ਵਿਰਾਸਤ ਮੰਨਿਆ ਜਾਂਦਾ ਹੈ। ਹੁਣ ਤੱਕ ਇੱਥੇ ਕਈ ਵਿਸ਼ਾਲ ਆਕ੍ਰਿਤੀਆਂ ਮਿਲ ਚੁੱਕੀਆਂ ਹਨ। ਇਸ ਲੜੀ ਵਿਚ ਹੁਣ 2200 ਸਾਲ ਪੁਰਾਣੀ ਬਿੱਲੀ ਦੀ ਆਕ੍ਰਿਤੀ ਦੀ ਖੋਜ ਹੋਈ ਹੈ।
ਆਸਮਾਨ ਤੋਂ ਨਜ਼ਰ ਆਉਂਦੀਆਂ ਹਨ ਇਹ ਪ੍ਰਾਚੀਨ ਆਕ੍ਰਿਤੀਆਂ
ਬਿੱਲੀ ਦੀ ਇਹ ਆਕ੍ਰਿਤੀ ਅਲਾਸਕਾ ਤੋਂ ਅਰਜਨਟੀਨਾ ਜਾਣ ਵਾਲੇ ਇਕ ਹਾਈਵੇਅ ਦੇ ਕਿਨਾਰੇ ਸਥਿਤ ਪਹਾੜੀ 'ਤੇ ਬਣੀ ਹੋਈ ਹੈ। ਦੱਖਣੀ ਪੇਰੂ ਵਿਚ ਸਥਿਤ ਨਾਜ਼ਕਾ ਜਿਓਗਲਿਫ (ਧਰਤੀ 'ਤੇ ਬਣੀਆਂ ਵਿਸ਼ਾਲ ਆਕ੍ਰਿਤੀਆਂ) ਦਾ ਇਕ ਸਮੂਹ ਹੈ। ਨਾਜ਼ਕਾ ਲਾਈਨਜ਼ ਵਿਚ ਹੁਣ ਤੱਕ 300 ਤੋਂ ਵਧੇਰੇ ਵੱਖ-ਵੱਖ ਆਕ੍ਰਿਤੀਆਂ ਮਿਲ ਚੁੱਕੀਆਂ ਹਨ। ਇਹਨਾਂ ਵਿਚ ਜਾਨਵਰ ਅਤੇ ਗ੍ਰਹਿ ਸ਼ਾਮਲ ਹਨ। ਪੁਰਾਤੱਤਵ ਵਿਗਿਆਨੀ ਜੌਨੀ ਇਸਲਾ ਕਹਿੰਦੇ ਹਨ ਕਿ ਬਿੱਲੀ ਦੀ ਆਕ੍ਰਿਤੀ ਨੂੰ ਉਸ ਸਮੇਂ ਪਾਇਆ ਗਿਆ, ਜਦੋਂ ਦਰਸ਼ਕਾਂ ਦੇ ਦੇਖਣ ਲਈ ਬਣਾਏ ਗਏ ਪੁਆਇੰਟਸ ਨੂੰ ਸਾਫ ਕੀਤਾ ਜਾ ਰਿਹਾ ਸੀ। ਇਸ ਸਫਾਈ ਦਾ ਉਦੇਸ਼ ਸੀ ਕਿ ਸੈਲਾਨੀ ਆਸਾਨੀ ਨਾਲ ਰਹੱਸਮਈ ਨਾਜ਼ਕਾ ਲਾਈਨਜ਼ ਨੂੰ ਦੇਖ ਸਕਣ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 2 ਹਜ਼ਾਰ ਸਾਲ ਪਹਿਲਾਂ ਉਸ ਸਮੇਂ ਦੇ ਲੋਕਾਂ ਨੇ ਬਿਨਾਂ ਕਿਸੇ ਆਧੁਨਿਕ ਤਕਨੀਕ ਦੇ ਇਹਨਾਂ ਤਸਵੀਰਾਂ ਦਾ ਨਿਰਮਾਣ ਕੀਤਾ, ਜਿਸ ਨੂੰ ਸਿਰਫ ਆਸਮਾਨ ਤੋਂ ਹੀ ਦੇਖਿਆ ਜਾ ਸਕਦਾ ਹੈ।
ਇੰਝ ਬਚਾਈ ਗਈ ਬਿੱਲੀ ਦੀ ਆਕ੍ਰਿਤੀ
ਇਸਲਾ ਨੇ ਕਿਹਾ ਕਿ ਅਸੀਂ ਇਕ ਆਕ੍ਰਿਤੀ ਤੱਕ ਬਣੇ ਰਸਤੇ ਨੂੰ ਸਾਫ ਕਰ ਰਹੇ ਸੀ, ਇਸੇ ਦੌਰਾਨ ਸਾਨੂੰ ਲੱਗਾ ਕਿ ਕੁਝ ਅਜਿਹੀਆਂ ਲਾਈਨਾਂ ਹਨ ਜੋ ਨਿਸ਼ਚਿਤ ਰੂਪ ਨਾਲ ਕੁਦਰਤੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਹਾਲੇ ਵੀ ਨਵੀਆਂ ਤਸਵੀਰਾਂ ਮਿਲ ਰਹੀਆਂ ਹਨ। ਅਸੀਂ ਜਾਣਦੇ ਹਾਂ ਕਿ ਹਾਲੇ ਹੋਰ ਲਾਈਨਾਂ ਮਿਲ ਸਕਦੀਆਂ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਅਸੀਂ ਡਰੋਨ ਦੀ ਮਦਦ ਨਾਲ ਪਹਾੜੀਆਂ ਦੇ ਸਾਰੇ ਹਿੱਸਿਆਂ ਦੀਆਂ ਤਸਵੀਰਾਂ ਲੈਣ ਵਿਚ ਸਫਲ ਰਹੇ ਹਾਂ। ਪੇਰੂ ਦੇ ਸੰਸਕ੍ਰਿਤੀ ਮੰਤਰਾਲੇ ਨੇ ਕਿਹਾ ਕਿ ਜਦੋਂ ਇਸ ਬਿੱਲੀ ਦੀ ਖੋਜ ਕੀਤੀ ਗਈ ਤਾਂ ਇਹ ਬਹੁਤ ਮੁਸ਼ਕਲ ਨਾਲ ਨਜ਼ਰ ਆ ਰਹੀ ਸੀ। ਇਹ ਆਕ੍ਰਿਤੀ ਲੱਗਭਗ ਖਤਮ ਹੋਣ ਦੇ ਕੰਢੇ ਸੀ। ਇਸ ਦਾ ਮੁੱਖ ਕਾਰਨ ਬਿੱਲੀ ਦੀ ਆਕ੍ਰਿਤੀ ਦਾ ਤਿੱਖੀ ਪਹਾੜੀ ਢਲਾਣ 'ਤੇ ਹੋਣਾ ਹੈ ਅਤੇ ਕੁਦਰਤੀ ਰੂਪ ਨਾਲ ਇਸ ਦਾ ਖੋਰਨ ਹੋ ਰਿਹਾ ਸੀ।
200 ਈਸਾ ਪੂਰਵ ਬਣਾਈ ਗਈ ਬਿੱਲੀ ਦੀ ਆਕ੍ਰਿਤੀ
ਪੇਰੂ ਦੇ ਸੰਸਕ੍ਰਿਤੀ ਮੰਤਰਾਲੇ ਨੇ ਕਿਹਾ ਕਿ ਕਈ ਹਫਤਿਆਂ ਤੱਕ ਸੁਰੱਖਿਆ ਅਤੇ ਸਫਾਈ ਦੇ ਕੰਮ ਦੇ ਬਾਅਦ ਹੁਣ ਬਿੱਲੀ ਜਿਹੀ ਆਕ੍ਰਿਤੀ ਉਭਰ ਕੇ ਸਾਹਮਣੇ ਆਈ ਹੈ। ਇਸ ਦੀਆਂ ਲਾਈਨਾਂ 12 ਤੋਂ 15 ਇੰਚ ਮੋਟੀਆਂ ਹਨ। ਇਹ ਪੂਰੀ ਆਕ੍ਰਿਤੀ ਕਰੀਬ 121 ਫੁੱਟ ਲੰਬੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਿੱਲੀ ਦੀ ਇਸ ਆਕ੍ਰਿਤੀ ਨੂੰ 200 ਈਸਾ ਪੂਰਵ ਵਿਚ ਬਣਾਇਆ ਗਿਆ ਸੀ। ਇਸਲਾ ਨੇ ਦੱਸਿਆ ਕਿ ਬਿੱਲੀ ਦੀ ਆਕ੍ਰਿਤੀ ਪਰਾਕਾਸ ਕਾਲ ਦੇ ਆਖਰੀ ਦਿਨਾਂ ਵਿਚ ਬਣਾਈ ਗਈ ਜੋ 500 ਈਸਾ ਪੂਰਵ ਤੋਂ 200 ਈਸਵੀ ਦੇ ਵਿਚ ਸੀ।
ਪਿਛਲੇ ਸਾਲ ਨਵੰਬਰ ਵਿਚ ਪੇਰੂ ਦੇ ਇਸ ਰਹੱਸਮਈ ਰੇਗਿਸਤਾਨ ਵਿਚ 140 ਨਾਜ਼ਕਾ ਲਾਈਨਜ਼ ਮਿਲੀਆਂ ਸਨ ਜੋ ਕਰੀਬ 2100 ਸਾਲ ਪੁਰਾਣੀਆਂ ਹਨ। ਜਾਪਾਨੀ ਖੋਜ ਕਰਤਾਵਾਂ ਨੇ ਡਰੋਨ ਅਤੇ ਏ.ਆਈ. ਦੀ ਮਦਦ ਨਾਲ 15 ਸਾਲ ਤੱਕ ਖੋਜ ਕੀਤੀ ਸੀ। ਇਹਨਾਂ 140 ਨਾਜ਼ਕਾ ਲਾਈਨਜ਼ ਵਿਚ ਇਕ ਪੰਛੀ, ਇਨਸਾਨ ਦੀ ਸ਼ਕਲ ਵਾਲਾ ਜਾਨਵਰ, ਦੋ ਮੂੰਹ ਵਾਲਾ ਸੱਪ ਅਤੇ ਇਕ ਕਿੱਲਰ ਵ੍ਹੇਲ ਮੱਛੀ ਵੀ ਸ਼ਾਮਲ ਸੀ। ਕਈ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਆਕ੍ਰਿਤੀਆਂ ਨੂੰ ਏਲੀਅਨਜ਼ ਦੀ ਮਦਦ ਨਾਲ ਬਣਾਇਆ ਗਿਆ ਹੋਵੇਗਾ।
ਮੈਡਾਗਾਸਕਰ 'ਚ ਹਿੰਦੂ ਮੰਦਰ ਹਾਲ ਦਾ ਉਦਘਾਟਨ, ਬਣੇਗਾ ਪਹਿਲਾ ਵਿਸ਼ਾਲ ਮੰਦਰ
NEXT STORY