ਇੰਟਰਨੈਸ਼ਨਲ ਡੈਸਕ- ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਫ਼ਲਾਈਦੁਬਈ ਦੀ ਫਲਾਈਟ FZ1073 ਦੀ ਹਾਈਜੈਕ ਦੇ ਐਮਰਜੈਂਸੀ ਕੋਡ ਐਕਟੀਵੇਟ ਹੋਣ ਤੋਂ ਬਾਅਦ ਸਾਊਦੀ ਅਰਬ ਦੇ ਤਬੂਕ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਜਹਾਜ਼ 'ਚ 150 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਸਮੇਤ 180 ਦੇ ਲਗਭਗ ਯਾਤਰੀ ਸਵਾਰ ਸਨ।
ਇਸ ਦੇ ਹਾਈਜੈਕ ਹੋਣ ਦੀਆਂ ਖ਼ਬਰਾਂ ਕਾਰਨ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਜਹਾਜ਼ 'ਤੇ ਟਿਕ ਗਈਆਂ ਸੀ। ਇੱਥੋਂ ਤੱਕ ਕਿ ਇਜ਼ਰਾਈਲ ਨੇ ਤਾਂ ਆਪਣੇ ਲੜਾਕੂ ਜਹਾਜ਼ ਤੱਕ ਤਾਇਨਾਤ ਕਰ ਦਿੱਤੇ ਸੀ। ਪਰ ਇਸ ਦੇ ਲੈਂਡ ਹੋਣ ਤੋਂ ਬਾਅਦ ਅਸਲ ਮਾਮਲਾ ਸਾਹਮਣੇ ਆਇਆ ਕਿ ਜਹਾਜ਼ ਦੇ ਦੋਵੇਂ ਪਾਇਲਟ ਹੱਥੋਪਾਈ ਹੋ ਗਏ ਸਨ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਇਸ ਮਾਮਲੇ ਬਾਰੇ ਹੁਣ ਇਕ ਹੋਰ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।ਜਹਾਜ਼ 'ਚ ਸਵਾਰ ਯਾਤਰੀਆਂ ਅਨੁਸਾਰ, ਅਚਾਨਕ ਕਾਕਪਿਟ ਦੇ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਜਦੋਂ ਕਾਕਪਿਟ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰ ਕਾਫ਼ੀ ਖ਼ੂਨ ਫੈਲਿਆ ਹੋਇਆ ਸੀ। ਇੱਕ ਪਾਇਲਟ ਨੇ ਦੂਜੇ ਪਾਇਲਟ 'ਤੇ ਫੋਲਡੇਬਲ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਚੀਕਾਂ ਮਾਰ ਰਿਹਾ ਸੀ।
ਇਹ ਵੀ ਪੜ੍ਹੋ- ਭਾਰਤ ਨੂੰ ਹੁਣ ਨਹੀਂ ਪਵੇਗੀ ਪਾਕਿਸਤਾਨੀ ਏਅਰਸਪੇਸ ਦੀ ਲੋੜ ! ਨਵੇਂ ਰੂਟ ਬਾਰੇ ਚੱਲ ਰਹੀ ਗੱਲਬਾਤ
ਚੀਕ-ਚਿਹਾੜਾ ਸੁਣ ਕੇ ਇਜ਼ਰਾਈਲੀ ਯਾਤਰੀ ਅਤੇ ਕੈਬਿਨ ਕ੍ਰੂ ਦੇ ਮੈਂਬਰਾਂ ਨੇ ਹਿੰਮਤ ਦਿਖਾਈ ਤੇ ਹਮਲਾਵਰ ਪਾਇਲਟ ਨੂੰ ਕਾਬੂ ਕਰ ਕੇ ਕਾਕਪਿਟ 'ਚੋਂ ਬਾਹਰ ਕੱਢਿਆ, ਜਿਸ ਨਾਲ ਜਹਾਜ਼ ਸਵਾਰ ਇਕ ਹੋਰ ਪਾਇਲਟ ਨੇ ਜਹਾਜ਼ ਦਾ ਕੰਟਰੋਲ ਵਾਪਸ ਲਿਆ। ਝੜਪ ਦੌਰਾਨ ਜਹਾਜ਼ ਕਾਫੀ ਤੇਜ਼ੀ ਨਾਲ ਹੇਠਾਂ ਡਿੱਗਣ ਲੱਗ ਪਿਆ। ਟ੍ਰੈਕਿੰਗ ਡਾਟਾ ਅਨੁਸਾਰ, ਜਹਾਜ਼ 34,000 ਫੁੱਟ ਦੀ ਉੱਚਾਈ ਤੋਂ ਸਿਰਫ਼ ਦੋ ਮਿੰਟਾਂ ਦੇ ਅੰਦਰ 17,000 ਫੁੱਟ ਤੱਕ ਹੇਠਾਂ ਆ ਗਿਆ ਸੀ, ਜਿਸ ਨਾਲ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਯਾਤਰੀਆਂ ਨੂੰ ਲੱਗ ਰਿਹਾ ਸੀ ਕਿ ਇਹ ਜਹਾਜ਼ ਅੱਜ ਕ੍ਰੈਸ਼ ਹੋ ਜਾਵੇਗਾ ਤੇ ਇਸ 'ਚ ਕੋਈ ਨਹੀਂ ਬਚੇਗਾ।
ਜਹਾਜ਼ ਨੇ ਪਹਿਲਾਂ ਜਨਰਲ ਐਮਰਜੈਂਸੀ (7700) ਅਤੇ ਫਿਰ ਹਾਈਜੈਕ/ਗ਼ੈਰ-ਕਾਨੂੰਨੀ ਦਖਲਅੰਦਾਜ਼ੀ ਦਾ ਸਿਗਨਲ (7500) ਭੇਜਿਆ। ਹਾਈਜੈਕ ਦਾ ਅਲਰਟ ਮਿਲਦਿਆਂ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਅਤੇ ਫ਼ੌਜ ਮੁਖੀ ਨੇ ਹੰਗਾਮੀ ਬੈਠਕ ਕੀਤੀ। ਫ਼ੌਜ ਪ੍ਰਮੁੱਖ ਜਨਰਲ ਇਯਾਲ ਜ਼ਮੀਰ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ। ਪਰ ਗਨਿਮਤ ਰਹੀ ਕਿ ਦੂਜੇ ਪਾਇਲਟ ਨੇ ਸਥਿਤੀ ਸੰਭਾਲਦਿਆਂ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ।
ਇਸ ਪੂਰੇ ਮਾਮਲੇ ਮਗਰੋਂ ਫ਼ਲਾਈਦੁਬਈ ਨੇ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਤਬੂਕ 'ਚ ਸੁਰੱਖਿਅਤ ਉੱਤਰ ਗਿਆ ਹੈ ਅਤੇ ਸਾਰੇ ਯਾਤਰੀ ਤੇ ਕ੍ਰੂ ਮੈਂਬਰ ਸੁਰੱਖਿਅਤ ਹਨ। ਇਜ਼ਰਾਈਲੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋ-ਪਾਇਲਟ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਜਾਂ ਹਾਈਜੈਕ ਕਰਨ ਦੀ ਕੋਸ਼ਿਸ਼ ਇੱਕ ਅੱਤਵਾਦੀ ਹਮਲਾ ਹੋ ਸਕਦਾ ਹੈ। ਫਿਲਹਾਲ ਪਾਇਲਟ ਦੀ ਪਛਾਣ ਅਤੇ ਉਸ ਵੱਲੋਂ ਅਜਿਹਾ ਕਰਨ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਜ਼ਰਾਈਲ ਅਤੇ ਸਾਊਦੀ ਅਰਬ ਦੇ ਕੂਟਨੀਤਕ ਸੰਬੰਧ ਠੀਕ ਨਾ ਹੋਣ ਕਾਰਨ ਇਜ਼ਰਾਈਲੀ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- 'ਹਾਈਜੈਕ' ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ ਹੋਰ ਹੀ ਨਿਕਲੀ 'ਕਹਾਣੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ
NEXT STORY