ਇੰਟਰਨੈਸ਼ਨਲ ਡੈਸਕ : ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਸਾਢੇ ਚਾਰ ਕਰੋੜ ਦੀ ਆਬਾਦੀ ਵਾਲੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਕਹਾਣੀ ਦਿਲਚਸਪ ਹੈ, ਜਿਨ੍ਹਾਂ ਨੇ ਰਾਜਨੀਤੀ ਤੋਂ ਨਿਰਾਸ਼ ਯੂਕ੍ਰੇਨ ਦੇ ਲੋਕਾਂ ’ਚ ਨਵੀਂ ਉਮੀਦ ਪੈਦਾ ਕੀਤੀ ਸੀ। ਕਾਮੇਡੀਅਨ ਤੋਂ ਰਾਸ਼ਟਰਪਤੀ ਬਣੇ ਵੋਲੋਦੀਮੀਰ ਜ਼ੇਲੇਂਸਕੀ ਸ਼ਾਂਤੀ ਅਤੇ ਸਾਫ਼-ਸੁਥਰੀ ਰਾਜਨੀਤੀ ਦੇ ਵਾਅਦੇ ਨਾਲ ਰਾਜਨੀਤੀ ’ਚ ਆਏ ਅਤੇ ਆਪਣੀ ਪਾਰਟੀ ਦਾ ਨਾਂ ‘ਸਰਵੈਂਟ ਆਫ ਦਿ ਪੀਪੁਲਸ’ ਰੱਖਿਆ ਸੀ। ਕਦੇ ਪੂਰੇ ਦੇਸ਼ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੇ ਜ਼ੇਲੇਂਸਕੀ ਨੂੰ ਅੱਜ ਆਪਣੇ ਹੀ ਲੋਕਾਂ ਦੇ ਹੰਝੂ ਦੇਖਣੇ ਪੈ ਰਹੇ ਹਨ। 44 ਸਾਲਾ ਰਾਸ਼ਟਰਪਤੀ ਦੇ ਸਾਹਮਣੇ ਹੁਣ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੀ ਚੁਣੌਤੀ ਹੈ। ਹੁਣ ਯੂਕ੍ਰੇਨ ’ਤੇ ਰੂਸ ਦੇ ਹਮਲੇ ਨੇ ਇਸ ਰਾਸ਼ਟਰੀ ਨੇਤਾ ਨੂੰ ਅੰਤਰਰਾਸ਼ਟਰੀ ਸੰਕਟ ਦੇ ਕੇਂਦਰ ’ਚ ਲਿਆ ਦਿੱਤਾ ਹੈ, ਜਿਸ ਨਾਲ ਫਿਰ ਤੋਂ ਰੂਸ ਦੇ ਨਾਲ ਸੀਤ ਯੁੱਧ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਯੂਕ੍ਰੇਨ ਦੇ ਮੱਧ ਸ਼ਹਿਰ ਕਿਰੀਵਈ ਰੀਹ ’ਚ ਯਹੂਦੀ ਪਰਿਵਾਰ ’ਚ ਪੈਦਾ ਹੋਏ ਵੋਲੋਦੀਮੀਰ ਜ਼ੇਲੇਂਸਕੀ ਨੇ ਕੀਵ ਨੈਸ਼ਨਲ ਇਕੋਨੋਮਿਕ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਪਰ ਅਸਲ ’ਚ ਉਹ ਸਫ਼ਲ ਕਾਮੇਡੀ ਦੇ ਖੇਤਰ ’ਚ ਸਫ਼ਲ ਹੋਏ।
ਫ਼ਿਲਮਾਂ ਵੀ ਬਣਾ ਚੁੱਕੇ ਨੇ ਜ਼ੇਲੇਂਸਕੀ
ਇਕ ਮੀਡੀਆ ਰਿਪੋਰਟ ਮੁਤਾਬਕ ਜਵਾਨੀ ਦੇ ਸਮੇਂ ਉਹ ਰੂਸੀ ਟੀ. ਵੀ. ’ਤੇ ਕਾਮੇਡੀ ਸ਼ੋਅ ’ਚ ਨਿਯਮਿਤ ਤੌਰ ’ਤੇ ਸ਼ਾਮਲ ਹੋਏ। ਸਾਲ 2003 ’ਚ ਉਨ੍ਹਾਂ ਨੇ ਇਕ ਟੀ. ਵੀ. ਪ੍ਰੋਡਕਸ਼ਨ ਕੰਪਨੀ ਬਣਾਈ, ਜੋ ਉਨ੍ਹਾਂ ਦੀ ਕਾਮੇਡੀ ਟੀਮ ‘ਕੇਵਾਰਤਾਲ-95’ ਦੇ ਨਾਂ ’ਤੇ ਸੀ। ਉਨ੍ਹਾਂ ਦੀ ਕੰਪਨੀ ਨੇ ਯੂਕ੍ਰੇਨ ਦੇ 1+1 ਨੈੱਟਵਰਕ ਲਈ ਸ਼ੋਅ ਪ੍ਰੋਡਿਊਸ ਕੀਤੇ। ਇਸ ਕੰਪਨੀ ਦੇ ਵਿਵਾਦਿਤ ਅਰਬਪਤੀ ਮਾਲਕ ਇਹੋਰ ਕੋਲੋਮੋਇਸਕੀ ਨੇ ਬਾਅਦ ’ਚ ਰਾਸ਼ਟਰਪਤੀ ਅਹੁਦੇ ਲਈ ਜ਼ੇਲੇਂਸਕੀ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਹਾਲਾਂਕਿ , ਸਾਲ 2010 ਦੇ ਦਹਾਕੇ ’ਚ ਟੀ. ਵੀ. ਅਤੇ ਫਿਲਮਾਂ ’ਚ ਉਨ੍ਹਾਂ ਦਾ ਕਰੀਅਰ ਵਧੀਆ ਚੱਲ ਰਿਹਾ ਸੀ। ਸਾਲ 2009 ’ਚ ਉਨ੍ਹਾਂ ਨੇ ‘ਲਵ ਇਨ ਦਿ ਬਿੱਗ ਸਿਟੀ’ ਅਤੇ 2012 ’ਚ ਜੇਵੇਸਕੀ ਬਨਾਮ ਨੇਪੋਲੀਅਨ ਫਿਲਮਾਂ ਬਣਾਈਆਂ ਸਨ।
‘ਸਰਵੈਂਟ ਆਫ ਦਿ ਪੀਪੁਲਸ’
2014 ਯੂਕ੍ਰੇਨ ਲਈ ਉਥਲ-ਪੁਥਲ ਦਾ ਸਾਲ ਸੀ। ਕਈ ਮਹੀਨਿਆਂ ਤਕ ਚੱਲੇ ਪ੍ਰਦਰਸ਼ਨਾਂ ਤੋਂ ਬਾਅਦ ਯੂਕ੍ਰੇਨ ਦੇ ਰੂਸ ਸਮਰਥਕ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਰੂਸ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ ਅਤੇ ਦੇਸ਼ ਦੇ ਪੂਰਬੀ ਹਿੱਸੇ ’ਚ ਵੱਖਵਾਦੀ ਲੜਾਕਿਆਂ ਦਾ ਸਮਰਥਨ ਕੀਤਾ। ਇਨ੍ਹਾਂ ਘਟਨਾਵਾਂ ਤੋਂ ਇਕ ਸਾਲ ਬਾਅਦ ‘ਸਰਵੈਂਟ ਆਫ ਦਿ ਪੀਪੁਲਜ਼’ ਸੀਰੀਅਲ 1+1 ਨੈੱਟਵਰਕ ’ਤੇ ਪ੍ਰਦਰਸ਼ਿਤ ਹੋਇਆ ਸੀ, ਇਸ ’ਚ ਵਾਸੀਲੀ ਗੋਲੋਬੋਰੋਡਕੋ ਦਾ ਇਕ ਕਿਰਦਾਰ ਵਿਖਾਇਆ ਗਿਆ, ਜਿਸ ਨੇ ਇਕ ਇਤਿਹਾਸ ਦੇ ਅਧਿਆਪਕ ਤੋਂ ਦੇਸ਼ ਦੇ ਰਾਸ਼ਟਰਪਤੀ ਬਣਨ ਤੱਕ ਦਾ ਸਫਰ ਤੈਅ ਕੀਤਾ। ਕਿਰਦਾਰ ਨਿਭਾਅ ਰਹੇ ਜ਼ੇਲੇਂਸਕੀ ਨੇ ਅਸਲ ਜ਼ਿੰਦਗੀ ’ਚ ਇਹ ਕਾਰਨਾਮਾ ਕਰ ਵਿਖਾਇਆ ਅਤੇ ਉਹ 2019 ’ਚ ਯੂਕ੍ਰੇਨ ਦੇ ਰਾਸ਼ਟਰਪਤੀ ਬਣੇ। ਜ਼ੇਲੇਂਸਕੀ ਨੇ ਆਪਣੇ ਮੁਕਾਬਲੇਬਾਜ਼ ਰਾਸ਼ਟਰਪਤੀ ਪੇਤਰੋ ਪੋਰੋਸ਼ੇਂਕੋ ਨੂੰ ਚੋਣਾਂ ’ਚ ਹਰਾ ਦਿੱਤਾ। ਪੋਰੋਸ਼ੇਂਕੋ ਉਨ੍ਹਾਂ ਨੂੰ ਗ਼ੈਰ-ਤਜਰਬੇਕਾਰ ਉਮੀਦਵਾਰ ਮੰਨ ਰਹੇ ਸਨ, ਬਾਅਦ ’ਚ ਇਹ ਗ਼ੈਰ-ਤਜਰਬੇਕਾਰੀ ਹੀ ਜ਼ੇਲੇਂਸਕੀ ਦੀ ਤਾਕਤ ਸਾਬਤ ਹੋਈ। ਜੁਲਾਈ 2020 ’ਚ ਇਕ ਜੰਗਬੰਦੀ ਜ਼ਰੂਰ ਲਾਗੂ ਹੋਈ ਪਰ ਇੱਕਾ-ਦੁੱਕਾ ਝੜਪਾਂ ਜਾਰੀ ਰਹੀਆਂ। ਉੱਥੇ ਹੀ, ਜ਼ੇਲੇਂਸਕੀ ਨੇ ਹੋਰ ਮਜ਼ਬੂਤੀ ਨਾਲ ਯੂਕ੍ਰੇਨ ਦੇ ਯੂਰਪੀਅਨ ਯੂਨੀਅਨ ਅਤੇ ਫੌਜੀ ਗੰਠਜੋੜ ਨਾਟੋ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ, ਇਸ ਤੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਰਾਜ਼ ਹੋ ਗਏ।
ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ
NEXT STORY