ਕਿਊਬਿਕ— ਪਿਛਲੇ ਸਾਲ ਜਨਵਰੀ 'ਚ ਕੈਨੇਡਾ ਦੇ ਸੂਬੇ ਕਿਊਬਿਕ 'ਚ ਇਕ ਮਸਜਿਦ 'ਤੇ ਹਮਲਾ ਹੋਇਆ ਸੀ, ਜਿਸ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਕ ਸਾਲ ਬੀਤਣ ਮਗਰੋਂ ਵੀ ਪਰਿਵਾਰ ਵਾਲਿਆਂ ਦੀਆਂ ਅੱਖਾਂ ਦੇ ਹੰਝੂ ਨਹੀਂ ਸੁੱਕੇ। ਮੁਸਲਮਾਨ ਭਾਈਚਾਰੇ ਨੇ ਬੀਤੇ ਦਿਨ ਇਕ ਸੋਗ ਸਭਾ ਰੱਖੀ, ਜਿੱਥੇ ਸਭ ਨੇ ਇਕ-ਦੂਜੇ ਨਾਲ ਆਪਣੇ-ਆਪਣੇ ਦੁੱਖ ਫਰੋਲੇ।
ਸਾਫੀਆ ਹਾਮੁਇਦੀ ਨਾਂ ਦੀ ਔਰਤ ਨੇ ਕਿਹਾ ਕਿ ਉਹ ਉਸ ਮਨਹੂਸ ਸਮੇਂ ਨੂੰ ਕਦੇ ਭੁੱਲ ਨਹੀਂ ਸਕਦੀ, ਜਿਸ ਨੇ ਉਸ ਦੀ ਜ਼ਿੰਦਗੀ ਉਜਾੜ ਦਿੱਤੀ। ਹਮਲੇ 'ਚ ਜ਼ਖਮੀ ਉਸ ਦੇ ਪਤੀ ਦੀ 29 ਜਨਵਰੀ 2017 ਨੂੰ ਮੌਤ ਹੋ ਗਈ ਤੇ ਉਸ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਗਈ। ਉਸ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਮੀਡੀਆ ਨੇ ਵੀ ਗੱਲ-ਬਾਤ ਕਰਨ ਲਈ ਸੱਦਿਆ ਪਰ ਉਸ ਅੰਦਰ ਹਿੰਮਤ ਹੀ ਨਹੀਂ ਸੀ ਕਿ ਉਹ ਗੱਲ ਕਰ ਸਕਦੀ। ਇਹ ਗੱਲ ਦੱਸਦਿਆਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਗਈ।
ਮੁੰਹਮਦ ਅਲ ਹਾਫਿਦ ਨਾਂ ਦੇ ਵਿਅਕਤੀ ਨੇ ਕਿਹਾ ਕਿ ਜਦ ਉਨ੍ਹਾਂ ਦੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸ ਸਮੇਂ ਉਹ ਵੀ ਉੱਥੇ ਹੀ ਸਨ ਅਤੇ ਉਨ੍ਹਾਂ ਸਾਹਮਣੇ ਅਜਿਹਾ ਮੰਜ਼ਰ ਸੀ, ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਸ਼ੁੱਕਰਵਾਰ ਨੂੰ ਪ੍ਰਾਰਥਨਾ ਸਭਾਵਾਂ ਸ਼ੁਰੂ ਕੀਤੀਆਂ ਗਈਆਂ ਅਤੇ ਅਗਲੇ ਕੁੱਝ ਦਿਨਾਂ ਤਕ ਇਹ ਪ੍ਰਾਰਥਨਾ ਸਭਾਵਾਂ ਜਾਰੀ ਰਹਿਣਗੀਆਂ।ਲੋਕਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।
ਗੋਰਾਇਆ ਵਿਖੇ ਚੌਥਾ ਕਬੱਡੀ ਗੋਲਡ ਕੱਪ 24 ਫਰਵਰੀ ਨੂੰ
NEXT STORY