ਲੰਡਨ (ਸਰਬਜੀਤ ਸਿੰਘ ਬਨੂੜ)- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਆਪਣੇ ਬਰਤਾਨੀਆ ਦੌਰੇ ਦੌਰਾਨ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਨਾਲ ਮੌਜੂਦ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਦੀ ਗੁਰਦੁਆਰਾ ਫੇਰੀ ਨੂੰ ਗੁਪਤ ਰੱਖਿਆ ਗਿਆ। ਜਾਣਕਾਰੀ ਅਨੁਸਾਰ ਮੋਹਨ ਭਾਗਵਤ ਨੇ ਗੁਰੂ ਦਰਬਾਰ ਵਿੱਚ ਰੁਮਾਲਾ ਸਾਹਿਬ ਭੇਟ ਕੀਤਾ ਅਤੇ ਕੜਾਹ ਪ੍ਰਸ਼ਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾਂ ਨਾਲ ਮੁਲਾਕਾਤ ਕਰਕੇ ਵਿਚਾਰ-ਵਟਾਂਦਰਾ ਵੀ ਕੀਤਾ।
ਖ਼ਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਦੀ ਸਥਾਪਨਾ 1908 ਵਿੱਚ ਹੋਈ ਸੀ ਅਤੇ ਇਸ ਨੂੰ ਭਾਰਤ ਤੋਂ ਬਾਹਰ ਸਥਾਪਤ ਸਭ ਤੋਂ ਪੁਰਾਣੇ ਸਿੱਖ ਗੁਰਦੁਆਰਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਮੌਕੇ ਆਰ.ਐੱਸ.ਐੱਸ.ਦੇ ਮੁਖੀ ਦੇ ਨਾਲ ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਪੀਟਰ ਵਿਰਦੀ ਵੀ ਮੌਜੂਦ ਸਨ। ਇਸ ਮੌਕੇ ਭਾਗਵਤ ਨੂੰ ਸਿੱਖ ਇਤਿਹਾਸ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਪੁਸਤਕ ਭੇਟ ਕੀਤੀ ਗਈ।
ਗੁਰਦੁਆਰਾ ਫੇਰੀ ਬਾਰੇ ਰਾਜ ਸਭਾ ਮੈਂਬਰ ਸਾਹਨੀ ਨੇ ਸਿੱਖ ਪਰੰਪਰਾ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਗੁਰੂ ਦਰਬਾਰ ਵਿੱਚ ਹਰ ਉਸ ਸ਼ਰਧਾਲੂ ਦਾ ਸਵਾਗਤ ਹੈ, ਜੋ ਨਿਮਰਤਾ ਨਾਲ ਅਰਦਾਸ ਕਰਨ ਅਤੇ ਅਸੀਸ ਲੈਣ ਲਈ ਆਉਂਦਾ ਹੈ। ਇਸ ਮੌਕੇ ਗੁਰਬਾਣੀ ਦੀ ਪੰਕਤੀ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” ਦਾ ਵੀ ਹਵਾਲਾ ਦਿੱਤਾ ਗਿਆ। ਮੋਹਨ ਭਾਗਵਤ ਦੀ ਇਹ ਗੁਰਦੁਆਰਾ ਫੇਰੀ ਉਨ੍ਹਾਂ ਦੇ ਮੌਜੂਦਾ ਬਰਤਾਨੀਆ ਦੌਰੇ ਦਾ ਹਿੱਸਾ ਸੀ, ਜਿਸ ਦੌਰਾਨ ਉਹ ਵੱਖ-ਵੱਖ ਧਾਰਮਿਕ ਅਤੇ ਭਾਈਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰ ਰਹੇ ਹਨ।
ਕੇਪ ਵਰਡੇ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 25 ਲੋਕਾਂ ਦੀ ਮੌਤ
NEXT STORY