ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਇਸ ਸਾਲ ਹੋਣ ਵਾਲੇ ਕੋਪ 26 ਸੰਮੇਲਨ ਲਈ ਗਲਾਸਗੋ ਪਹੁੰਚਣ ਵਾਲੇ ਦੁਨੀਆ ਭਰ ਦੇ ਡੈਲੀਗੇਟਾਂ ਲਈ ਯਾਤਰਾ ਸਬੰਧੀ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ। ਕੋਪ 26 ਦੇ ਅਧਿਕਾਰੀਆਂ ਨੇ ਇਸ ਸਮਾਗਮ ਲਈ ਸ਼ਰਤਾਂ ਨਿਰਧਾਰਤ ਕੀਤੀਆਂ ਹਨ, ਜਿਸ ਲਈ ਵਿਸ਼ਵ ਭਰ ਦੇ 20,000 ਤੋਂ 25,000 ਸਰਕਾਰੀ ਡੈਲੀਗੇਟਾਂ, ਮੀਡੀਆ ਅਤੇ ਪ੍ਰਚਾਰਕਾਂ ਦੇ ਗਲੋਬਲ ਵਾਰਮਿੰਗ ਨੂੰ ਰੋਕਣ ਬਾਰੇ ਗੱਲਬਾਤ ਕਰਨ ਲਈ ਸਕਾਟਲੈਂਡ ਆਉਣ ਦੀ ਉਮੀਦ ਹੈ।
ਇਸ ਸੰਮੇਲਨ ਲਈ ਆਉਣ ਵਾਲੇ ਡੈਲੀਗੇਟਾਂ ਲਈ ਇਕਾਂਤਵਾਸ ਆਦਿ ਦੇ ਨਿਯਮਾਂ ਨੂੰ ਘਟਾ ਦਿੱਤਾ ਜਾਵੇਗਾ, ਜਦੋਂ ਕਿ ਸਖ਼ਤ ਟੈਸਟਿੰਗ ਪ੍ਰੋਟੋਕੋਲ ਲਾਗੂ ਹੋਣਗੇ, ਜਿਸ ਵਿਚ ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੀ ਨਿਯਮਤ ਜਾਂਚ ਹੋਵੇਗੀ। ਡੈਲੀਗੇਟਾਂ ਨੂੰ ਸਿਖ਼ਰ ਸੰਮੇਲਨ ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਸਹਿਮਤ ਹੋਣ ਵਾਲੇ ਚਾਰਟਰ 'ਤੇ ਵੀ ਦਸਤਖ਼ਤ ਕਰਨੇ ਪੈਣਗੇ। ਯੂਕੇ ਸਾਰੇ ਕੋਵਿਡ-19 ਟੀਕਿਆਂ ਨੂੰ ਇਸ ਪ੍ਰੋਗਰਾਮ ਲਈ ਯੋਗ ਮੰਨ ਰਿਹਾ ਹੈ, ਪਰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਬਿਨਾਂ ਟੀਕਾ ਲੱਗੇ ਪ੍ਰਤੀਨਿਧਾਂ ਨੂੰ ਵੀ ਰੋਕਿਆ ਨਹੀਂ ਜਾਵੇਗਾ। ਖ਼ਾਸ ਤੌਰ 'ਤੇ ਕੋਪ 26 ਸੰਮੇਲਨ ਦੇ ਨਿਯਮਾਂ ਦੇ ਤਹਿਤ, ਲਾਲ ਸੂਚੀ ਵਾਲੇ ਦੇਸ਼ਾਂ ਦੇ ਡੈਲੀਗੇਟਾਂ ਨੂੰ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸੂਰਤ ਵਿਚ ਸਿਰਫ਼ 5 ਦਿਨਾਂ ਲਈ ਕੁਆਰੰਟੀਨ ਹੋਟਲਾਂ ਵਿਚ ਅਲੱਗ ਰਹਿਣਾ ਪਏਗਾ ਅਤੇ ਜੇ ਉਨ੍ਹਾਂ ਨੂੰ ਟੀਕੇ ਨਹੀਂ ਲੱਗੇ ਹਨ ਤਾਂ 10 ਦਿਨ ਇਕਾਂਤਵਾਸ ਹੋਣਾ ਪਵੇਗਾ।
ਇਸਦੇ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਅੰਬਰ ਜਾਂ ਗ੍ਰੀਨ ਲਿਸਟ ਦੇਸ਼ਾਂ ਤੋਂ ਆਉਣ ਵਾਲੇ ਕੋਪ 26 ਪ੍ਰਤੀਨਿਧਾਂ ਨੂੰ ਯੂਕੇ ਪਹੁੰਚਣ 'ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ, ਭਾਵੇਂ ਉਹਨਾਂ ਨੂੰ ਟੀਕਾ ਲੱਗਿਆ ਹੋਵੇ ਜਾਂ ਨਹੀਂ। ਅਧਿਕਾਰੀਆਂ ਨੇ ਕਿਹਾ ਕਿ ਕੋਪ 26 ਦੇ ਨਿਯਮਾਂ 'ਤੇ ਯੂਕੇ ਅਤੇ ਸਕਾਟਿਸ਼ ਸਰਕਾਰਾਂ ਵੱਲੋਂ ਹਸਤਾਖ਼ਰ ਕੀਤੇ ਗਏ ਹਨ, ਪਰ ਸਿਖ਼ਰ ਸੰਮੇਲਨ ਲਈ ਕੋਵਿਡ-19 ਸੁਰੱਖਿਆ ਉਪਾਅ ਅਜੇ ਵੀ ਬਦਲ ਸਕਦੇ ਹਨ।
ਲੰਡਨ: ਟਾਵਰ ਬ੍ਰਿਜ 'ਚ ਤਕਨੀਕੀ ਨੁਕਸ ਪੈਣ ਕਾਰਨ ਲੋਕ ਹੋਏ ਪ੍ਰੇਸ਼ਾਨ
NEXT STORY