ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਇੱਕ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਦਰੱਖਤ ਬਹੁਤ ਮਹੱਤਵਪੂਰਨ ਹਨ, ਇਸ ਲਈ ਇਨ੍ਹਾਂ ਦੀ ਮਹੱਤਤਾ ਨੂੰ ਦੇਖਦਿਆਂ ਗਲਾਸਗੋ ਤੇ ਇਸ ਦੇ ਆਲੇ-ਦੁਆਲੇ ਅਗਲੇ 10 ਸਾਲਾਂ ਦੌਰਾਨ 18 ਮਿਲੀਅਨ ਦਰੱਖਤ ਲਗਾਏ ਜਾਣਗੇ। ਇਸ ਯੋਜਨਾ ਤਹਿਤ ਜੰਗਲੀ ਖੇਤਰ ਨੂੰ 17 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤਾ ਜਾਵੇਗਾ। ਗਲਾਸਗੋ, ਪੂਰਬੀ ਅਤੇ ਪੱਛਮੀ ਡਨਬਰਟਨਸ਼ਾਇਰ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਇਨਵਰਕਲਾਈਡ ਅਤੇ ਉੱਤਰੀ ਅਤੇ ਦੱਖਣੀ ਲੈਨਾਰਕਸ਼ਾਇਰ ਕੌਂਸਲ ਖੇਤਰਾਂ ’ਚ ਵੀ ਦਰੱਖਤਾਂ ਨਾਲ ਭਰੇ ਖੇਤਰ ਬਣਾਏ ਜਾਣਗੇ। ਇਨ੍ਹਾਂ ਲਗਾਏ ਜਾਣ ਵਾਲੇ ਰੁੱਖਾਂ ਦੀ ਗਿਣਤੀ ਪ੍ਰਤੀ ਵਸਨੀਕ ਲਈ 10 ਦਰੱਖਤਾਂ ਦੇ ਬਰਾਬਰ ਮਿੱਥੀ ਗਈ ਹੈ।
ਇਸ ਯੋਜਨਾ ਤਹਿਤ ਪੌਦੇ ਲਗਾਉਣ ਦਾ ਉਦੇਸ਼ ਇਸ ਖੇਤਰ ’ਚ ਲੱਗਭਗ 29,000 ਹੈਕਟੇਅਰ ਰਕਬੇ ਨੂੰ ਰੁੱਖਾਂ ਨਾਲ ਆਬਾਦ ਕਰਨਾ ਹੈ, ਜੋ ਸ਼ਹਿਰੀ ਵਿਕਾਸ ਕਾਰਨ ਤਬਾਹ ਹੋ ਗਿਆ ਹੈ। ਇਹ ਰੁੱਖ ਗਲੀਆਂ ਜਾਂ ਪੁਰਾਣੇ ਉਦਯੋਗਿਕ ਜਾਂ ਮਾਈਨਿੰਗ ਖੇਤਰਾਂ ਦੇ ਨਾਲ-ਨਾਲ ਦਿਹਾਤੀ ਇਲਾਕਿਆਂ ਜਾਂ ਖੇਤੀ ਵਾਲੀ ਜ਼ਮੀਨ ਦੇ ਕਿਨਾਰੇ ਲਗਾਏ ਜਾ ਸਕਦੇ ਹਨ। ਗਲਾਸਗੋ ਨਵੰਬਰ ’ਚ ਕੋਪਾ 26 ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਨਾਲ ਗਲਾਸਗੋ ਦੀ ਨੈੱਟ ਜ਼ੀਰੋ ਤੱਕ ਪਹੁੰਚਣ ਦੀ ਵਚਨਬੱਧਤਾ ਬਣ ਰਹੀ ਹੈ। ਇਸ ਦੌਰਾਨ ਜੰਗਲੀ ਜੀਵਨ ਨੂੰ ਲਾਭ ਪਹੁੰਚਾਉਣ ਅਤੇ ਕਾਰਬਨ ਕੈਪਚਰ ਕਰਨ ਲਈ ਰੁੱਖਾਂ ਦੀਆਂ ਕਈ ਤਰ੍ਹਾਂ ਦੀਆਂ ਦੇਸੀ ਕਿਸਮਾਂ ਵੀ ਲਗਾਈਆਂ ਜਾਣਗੀਆਂ।
ਗਲਾਸਗੋ ਸਿਟੀ ਕੌਂਸਲ ਦੀ ਸੁਜ਼ਨ ਐਟਕਨ ਅਨੁਸਾਰ ਨਵਾਂ ਕਮਿਊਨਿਟੀ ਵੁੱਡਲੈਂਡ, ਰੁੱਖ ਅਤੇ ਜੰਗਲ ਸਥਾਨਕ ਭਾਈਚਾਰਿਆਂ ਦੇ ਨਾਲ-ਨਾਲ ਜੰਗਲੀ ਜੀਵਨ ਲਈ ਵੀ ਫਾਇਦੇਮੰਦ ਹੋਵੇਗਾ। ਇਸ ਪ੍ਰੋਜੈਕਟ ਨੇ ਅਗਲੇ ਦੋ ਸਾਲਾਂ ’ਚ ਇੱਕ ਪ੍ਰੋਜੈਕਟ ਟੀਮ ਭਰਤੀ ਕਰਨ ਅਤੇ ਨਵੀਆਂ ਯੋਜਨਾਵਾਂ ਦੇ ਵਿਕਾਸ ਦੀ ਸ਼ੁਰੂਆਤ ਕਰਨ ਲਈ ਵੁੱਡਲੈਂਡ ਟਰੱਸਟ ਦੇ ਐਮਰਜੈਂਸੀ ਟ੍ਰੀ ਫੰਡ ਤੋਂ 4,00,000 ਪੌਂਡ ਦੇ ਨਾਲ ਸਕਾਟਿਸ਼ ਵਨਸਪਤੀ ਤੋਂ ਵੀ 1,50,000 ਪੌਂਡ ਪ੍ਰਾਪਤ ਕੀਤੇ ਹਨ।
ਯੂਕੇ : ਗਲਾਸਗੋ ਨੂੰ ਸ਼ਨੀਵਾਰ ਤੋਂ ਕੀਤਾ ਜਾਵੇਗਾ ਤਾਲਾਬੰਦੀ ਦੇ ਪੱਧਰ ਦੋ 'ਚ ਤਬਦੀਲ
NEXT STORY