ਫਰਿਜ਼ਨੋ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਸੰਘਣੀ ਵੱਸੋਂ ਹੋਣ ਕਰਕੇ ਆਪਣੇ ਰਸਮੀਂ ਮੇਲਿਆਂ ਅਤੇ ਤਿਉਹਾਰਾਂ ਨੂੰ ਵੱਡੇ ਇਕੱਠਾ ਵਿੱਚ ਪੂਰੇ ਰਿਵਾਇਤੀ ਢੰਗਾਂ ਨਾਲ ਮਨਾਉਂਦਾ ਹੈ। ਕੋਵਿਡ-19 ਦੀਆਂ ਬੰਦਸ਼ਾਂ ਖੁੱਲਣ ਤੋਂ ਬਾਅਦ ਹੁਣ ਮੇਲਿਆਂ, ਨਗਰ ਕੀਰਤਨ ਅਤੇ ਹੋਰ ਭਾਰੀ ਇਕੱਠ ਪਹਿਲਾਂ ਵਾਂਗ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਫਰਿਜ਼ਨੋ ਸ਼ਹਿਰ ਦੇ ‘ਵਿਰਸਾ ਫਾਊਡੇਸ਼ਨ’ ਦੇ ਗਰੁੱਪ ਵਿੱਚ ਐੱਸ. ਐੱਮ. ਬ੍ਰਦਰਜ਼ (S.M. Brother’s), ਬਿੱਲ ਨਿੱਝਰ ਅਤੇ ਐੱਸ. ਡੀ. ਐੱਮ. ਸਟਾਰ (SDM Star) ਵੱਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਫਰਿਜ਼ਨੋ ਗੋਲਫ ਕਲੱਬ ਦੀ ਖੁੱਲ੍ਹੀ ਗਰਾਊਂਡ ਵਿੱਚ “ਫਤਿਹ ਮੇਲਾ” ਕਰਵਾਇਆ ਗਿਆ। ਜਿਸ ਵਿੱਚ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਬਤੌਰ ਪ੍ਰਮੁੱਖ ਕਲਾਕਾਰ ਪਹੁੰਚੇ।
ਲੋਕਾਂ ਦੇ ਭਾਰੀ ਇਕੱਠ ਦੌਰਾਨ ਮੇਲੇ ਦੀ ਸ਼ੁਰੂਆਤ ਦੌਰਾਨ ਜੀ. ਐੱਚ. ਜੀ. ਡਾਂਸ ਅਤੇ ਸੰਗੀਤ ਅਕੈਡਮੀ ਦੇ ਬੱਚਿਆਂ ਅਤੇ ਹੋਰ ਬੱਚਿਆਂ ਨੇ ਪੰਜਾਬੀ ਗੀਤਾਂ ਉੱਪਰ ਡਾਂਸ, ਗਿੱਧੇ ਅਤੇ ਭੰਗੜੇ ਵਰਗੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਚੱਲੇ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਕੈਲੀਫੋਰਨੀਆ ਦੇ ਗਾਇਕ ਕਲਾਕਾਰ ਜੀਤਾ ਗਿੱਲ, ਗਾਇਕ ਪੱਪੀ ਭਦੌੜ ਅਤੇ ਗਾਇਕ ਸੱਤੀ ਪੱਬਲਾ ਨੇ ਹਾਜ਼ਰੀ ਭਰੀ। ਅੰਤ ਵਿੱਚ ਚੱਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਗਾਇਕ ਕੰਵਰ ਗਰੇਵਾਲ ਨੇ ਭਾਰਤ ਦੇ ਕਿਰਸਾਨੀ ਅੰਦੋਲਨ ਅਤੇ ਹੋਰ ਗੀਤਾਂ ਰਾਹੀ ਢਾਈ ਘੰਟੇ ਤੱਕ ਸਰੋਤਿਆਂ ਨੂੰ ਕੀਲੀ ਰੱਖਿਆ।
ਪ੍ਰਬੰਧਕਾਂ ਵੱਲੋਂ ਕਿਰਸਾਨੀ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਕਰਕੇ ਕੰਵਰ ਗਰੇਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੇਲੇ ਦਾ ਮਹੌਲ ਬਾਹਰ ਲੱਗੇ ਵੱਖ-ਵੱਖ ਸਟਾਲਾਂ ਆਦਿਕ ਕਰਕੇ ਪੰਜਾਬ ਦੇ ਮੇਲੇ ਦੀ ਨੁਹਾਰ ਪੇਸ਼ ਕਰ ਰਿਹਾ ਸੀ। ਵਿਦੇਸ਼ੀ ਸਟੇਜ਼ਾਂ ਦੌਰਾਨ ਕੰਵਰ ਗਰੇਵਾਲ ਨੇ ਵੀ ਖੁੱਲ੍ਹੇ ਅਖਾੜੇ ਵਿੱਚ ਗਾ ਖੁਸ਼ੀ ਪ੍ਰਗਟ ਕੀਤੀ। ਮੇਲੇ ਦੌਰਾਨ ਸਟੇਜ਼ ਸੰਚਾਲਨ ਦਾ ਕੰਮ ਸਟੇਜ਼ਾਂ ਦੀ ਮਲਕਾ ਪੰਜਾਬੀਅਤ ਦਾ ਮਾਣ ਬੀਬੀ ਆਸ਼ਾ ਸ਼ਰਮਾਂ ਨੇ ਬਾਖੂਬੀ ਨਿਭਾਇਆ। ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ, ਲੱਗਦੇ ਨਾਅਰੇ, ਝੂਲਦੇ ਕਿਸਾਨੀ ਝੰਡੇ ਟਿਕਰੀ ਬਾਰਡਰ ਦੀ ਯਾਦ ਤਾਜਾ ਕਰਵਾ ਰਹੇ ਸਨ। ਆਸਟਰੇਲੀਆ ਵਾਲੇ ਪੱਤਰਕਾਰ ਮਿੰਟੂ ਬਰਾੜ ਨੇ ਵੀ ਮੇਲੇ ਵਿੱਚ ਖ਼ਾਸ ਤੌਰ 'ਤੇ ਹਾਜਰੀ ਭਰੀ। ਪ੍ਰਬੰਧਕਾਂ ਵਿੱਚ ਬਿੱਟੂ ਕੁੱਸਾ, ਜਸਵੀਰ ਸਰਾਏ, ਮਿੰਟੂ ਧਾਲੀਵਾਲ, ਰਾਜ ਧਾਲੀਵਾਲ, ਬੌਬੀ ਸਿੱਧੂ, ਸਨੀ ਮਹੇਟ ਅਤੇ ਬਿੱਲ ਨਿੱਝਰ ਨੇ ਸਭਨਾਂ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਅੰਤ ਪੰਜਾਬ, ਪੰਜਾਬੀਅਤ ਵਿੱਚ ਰੰਗਿਆ ਇਹ ਮੇਲਾ ਆਪਣੀਆਂ ਯਾਦਗਾਰੀ ਪੈੜਾ ਛੱਡ ਸਮਾਪਤ ਹੋਇਆ।
ਭਾਰਤ-ਰੂਸ ਵਿਚਾਲੇ ਸੰਬੰਧਾਂ 'ਤੇ ਅਮਰੀਕੀ ਵਿਦੇਸ਼ ਮੰਤਰੀ ਨੇ ਕਹੀ ਅਹਿਮ ਗੱਲ
NEXT STORY