ਲੰਡਨ : ਬ੍ਰਿਟੇਨ ਦੇ ਨੌਰਥ ਵੇਲਜ਼ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੇ ਇੱਕ ਪਤੀ-ਪਤਨੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਉਮਰ 50 ਤੋਂ 55 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਕੇਤਨ ਸਵਾਲੀ ਅਤੇ ਉਨ੍ਹਾਂ ਦੀ ਪਤਨੀ ਸ਼ੀਤਲ ਵਜੋਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਕੇਤਨ ਸਵਾਲੀ ਖ਼ੁਦ 'ਪਾਈਪਰ ਪੀਏ28' ਜਹਾਜ਼ ਦੇ ਪਾਇਲਟ ਵਜੋਂ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਨੇ ਲੰਘੇ ਹਫ਼ਤੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਬਰਟਨ-ਅਪੌਨ-ਟ੍ਰੈਂਟ ਦੇ ਟੈਟਨਹਿਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਪਰ ਜਦੋਂ ਜਹਾਜ਼ ਨਿਰਧਾਰਤ ਸਮੇਂ 'ਤੇ ਉੱਤਰੀ-ਪੱਛਮੀ ਵੇਲਜ਼ ਦੇ ਸਨੋਡੋਨੀਆ ਸਥਿਤ ਕਾਰਨਰਫੋਨ ਹਵਾਈ ਅੱਡੇ 'ਤੇ ਨਹੀਂ ਉਤਰਿਆ, ਤਾਂ ਸ਼ੁੱਕਰਵਾਰ ਨੂੰ ਪੁਲਸ ਅਤੇ ਹੋਰ ਏਜੰਸੀਆਂ ਵੱਲੋਂ ਹਵਾਈ ਅਤੇ ਜ਼ਮੀਨੀ ਪੱਧਰ 'ਤੇ ਇੱਕ ਵੱਡੀ ਖੋਜ ਮੁਹਿੰਮ ਸ਼ੁਰੂ ਕੀਤੀ ਗਈ।
ਨੌਰਥ ਵੇਲਜ਼ ਪੁਲਸ ਦੇ ਬੁਲਾਰੇ ਅਨੁਸਾਰ, ਕਈ ਸਰਕਾਰੀ ਏਜੰਸੀਆਂ ਦੀ ਸਾਂਝੀ ਖੋਜ ਤੋਂ ਬਾਅਦ ਜਹਾਜ਼ ਦਾ ਮਲਬਾ ਟ੍ਰਾਸਫਿਨਿਡ ਦੇ ਨੇੜੇ ਇੱਕ ਦੂਰ-ਦੁਰਾਡੇ ਖੇਤਰ ਵਿੱਚੋਂ ਬਰਾਮਦ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਵਿੱਚ ਸਵਾਰ ਦੋਵਾਂ ਲੋਕਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਹਾਦਸੇ ਦੀ ਜਾਣਕਾਰੀ 'ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ' ਨੂੰ ਦੇ ਦਿੱਤੀ ਗਈ ਹੈ, ਜਿਸ ਨੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਆਪਣੀ ਇੱਕ ਵਿਸ਼ੇਸ਼ ਟੀਮ ਤਾਇਨਾਤ ਕਰ ਦਿੱਤੀ ਹੈ।
ਕਾਰੋਬਾਰੀ ਰਿਕਾਰਡ ਦੇ ਅਨੁਸਾਰ, ਕੇਤਨ ਸਵਾਲੀ ਲੀਸੇਸਟਰ ਸਥਿਤ ਇੱਕ ਇੰਜੀਨੀਅਰਿੰਗ ਫਰਮ 'ਆਰਕ ਯੂਰੋ ਟ੍ਰੇਡ ਲਿਮਟਿਡ' ਵਿੱਚ ਬਤੌਰ ਡਾਇਰੈਕਟਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਆਪਣਾ ਨਿਰਮਾਣ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।
ਨੀਰਵ ਮੋਦੀ ਦਾ ਸਾਬਕਾ ਵਕੀਲ ਵਿਜੇ ਅਗਰਵਾਲ ਲੰਡਨ ’ਚ ਗ੍ਰਿਫ਼ਤਾਰ
NEXT STORY