ਮੈਲਬੋਰਨ (ਮਨਦੀਪ ਸਿੰਘ ਸੈਣੀ)- ਮੈਲਬੋਰਨ ਵਿਖੇ 23 ਤੋਂ 25 ਸਤੰਬਰ ਤੱਕ ਕਰਵਾਏ ਜਾਣ ਵਾਲੇ ਪਹਿਲੇ ਮੈਲਬੋਰਨ ਹਾਕੀ ਕੱਪ ਦੇ ਪ੍ਰਬੰਧਕਾਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ. ਜਦੋਂ ਹਾਕੀ ਵਿਕਟੋਰੀਆ ਨੇ ਇਸ ਟੂਰਨਾਮੈਂਟ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਹਾਕੀ ਵਿਕਟੋਰੀਆ ਦੇ ਨਰਸਿਮਨ ਰਵੀ (ਇਨਕਲੂਜਨ ਐਂਡ ਡਾਇਵਰਸਿਟੀ ਮੈਨੇਜਰ) ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਲਈ ਹਾਕੀ ਵਿਕਟੋਰੀਆ ਵਲੋਂ ਤਕਨੀਕੀ ਪੱਖ ਤੋਂ ਹਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਟੂਰਨਾਮੈਂਟ ਲਈ ਅੰਪਾਇਰ ਅਤੇ ਤਕਨੀਕੀ ਅਧਿਕਾਰੀ ਵੀ ਹਾਕੀ ਵਿਕਟੋਰੀਆ ਵਲੋਂ ਹੀ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਨਾਲ ਹਾਕੀ ਵਿਕਟੋਰੀਆ ਵਲੋਂ ਟੂਰਨਾਮੈਂਟ ਦੀ ਲਾਇਵ ਸਟਰੀਮਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਹਾਕੀ ਟੂਰਨਾਮੈਂਟ ਦੇ ਅਧਿਕਾਰੀਆਂ ਵਲੋਂ ਟੂਰਨਾਮੈਂਟ ਦੇ ਪ੍ਰਬੰਧਕਾਂ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਕਿ ਮੈਲਬੋਰਨ ਵਿੱਚ ਪਹਿਲੀ ਵਾਰ ਇਹੋ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਸਲਾਹੁਣਯੋਗ ਹੈ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਨੇ ਹਾਕੀ ਵਿਕਟੋਰੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਾਕੀ ਵਿਕਟੋਰੀਆ ਦਾ ਇਸ ਟੂਰਨਾਮੈਂਟ ਲਈ ਸਾਥ ਮਿਲਣਾ ਹਾਕੀ ਕੱਪ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹਾਕੀ ਦੀ ਖੇਡ ਨੂੰ ਪਿਆਰ ਕਰਨ ਵਾਲੇ ਦਰਸ਼ਕ ਇਸ ਟੂਰਨਾਮੈਂਟ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣਗੇ।
ਪਾਕਿ ਸਰਕਾਰ ਨੇ ਲਗਜ਼ਰੀ ਆਈਟਮ ਦੀ ਸਪਲਾਈ 'ਤੇ ਲੱਗਾ ਬੈਨ ਹਟਾਇਆ, ਵਿੱਤ ਮੰਤਰੀ ਦੀ ਬੈਠਕ 'ਚ ਫ਼ੈਸਲਾ
NEXT STORY