ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਵਤਨ ਨਾ ਪਰਤਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਾਪਸੀ ਲਈ ਤਿਆਰ ਸਨ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ ਕਾਰਨ ਉਹ ਆਪਣਾ ਇਰਾਦਾ ਬਦਲਣ ਲਈ ਮਜਬੂਰ ਹੋ ਗਏ। ਮੁਸ਼ੱਰਫ ਨੇ ਚਿਤਰਾਲ ਅਤੇ ਕਰਾਚੀ ਤੋਂ ਨਾਮਜ਼ਦਗੀ ਭਰੀ ਸੀ। ਮੁਲਕ ਨਾ ਪਰਤਣ ਕਾਰਨ ਚਿਤਰਾਲ ਸੀਟ ਤੋਂ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਚੋਣ ਅਧਿਕਾਰੀ ਤੋਂ ਮਿਲੇ ਸੰਮਨ ਤੋਂ ਬਾਅਦ ਉਨ੍ਹਾਂ ਨੇ ਕਰਾਚੀ ਸੀਟ ਤੋਂ ਵੀ ਆਪਣਾ ਨਾਂ ਵਾਪਸ ਲੈ ਲਿਆ। ਦੇਸ਼ ਧਰੋਹ ਦੇ ਦੋਸ਼ਾਂ ਵਿਚ ਘਿਰੇ 74 ਸਾਲ ਦੇ ਮੁਸ਼ੱਰਫ 2016 ਤੋਂ ਹੀ ਪਾਕਿਸਤਾਨ ਤੋਂ ਬਾਹਰ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਨਾਮਜ਼ਦਗੀ ਭਰਨ ਦੀ ਇਜਾਜ਼ਤ ਇਸ ਸ਼ਰਤ ਉੱਤੇ ਦਿੱਤੀ ਸੀ ਕਿ ਉਹ 13 ਜੂਨ ਤੱਕ ਪਾਕਿਸਤਾਨ ਪਰਤ ਆਉਣਗੇ। ਕੋਰਟ ਨੇ ਅਗਸਤ ਵਿਚ ਪੇਸ਼ੀ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਉੱਤੇ ਵੀ ਰੋਕ ਲਗਾ ਦਿੱਤੀ ਸੀ। ਵੀਡੀਓ ਲਿੰਕ ਰਾਹੀਂ ਵੀਰਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁਸ਼ੱਰਫ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੇ ਮੈਨੂੰ ਆਪਣੇ ਇਰਾਦੇ ਨੂੰ ਲੈ ਕੇ ਦੁਬਾਰਾ ਸੋਚਣ ਉੱਤੇ ਮਜਬੂਰ ਕਰ ਦਿੱਤਾ ਹੈ। ਕੋਰਟ ਵਿਚ ਪੇਸ਼ੀ ਦੇ ਤੁਰੰਤ ਬਾਅਦ ਜੇਕਰ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੇਰੇ ਪਰਤਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੂਰੀ ਦੁਨੀਆ ਜਾਣਦੀ ਹੈ ਕਿ ਮੈਂ ਕਾਇਰ ਨਹੀਂ ਹਾਂ। ਪਰ ਹੁਣ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰਾਂਗਾ।
ਅਫਗਾਨਿਸਤਾਨ 'ਚ ਇਕ ਜ਼ਿੰਮੇਦਾਰ ਮਦਦਕਰਤਾ ਹੈ ਭਾਰਤ : ਅਮਰੀਕਾ
NEXT STORY