ਸਟਾਕਹੋਮ : ਮੱਧ ਸਵੀਡਨ ਦੇ ਫਾਗੇਰਸਤਾ ਸ਼ਹਿਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਸਕੂਲ ਦੇ ਅੰਦਰ ਤਲਵਾਰ ਨਾਲ ਹਮਲਾ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ 'ਬ੍ਰਿਨੇਲਸਕੋਲਨ ਸਕੂਲ' ਵਿੱਚ ਇੱਕ ਹਮਲਾਵਰ ਹੱਥ ਵਿੱਚ ਤਲਵਾਰ ਲੈ ਕੇ ਦਾਖ਼ਲ ਹੋਇਆ ਅਤੇ ਉਸ ਨੇ ਸਕੂਲ ਵਿੱਚ ਮੌਜੂਦ ਕਈ ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ, 'ਬ੍ਰਿਨੇਲਸਕੋਲਨ ਸਕੂਲ' ਵਿੱਚ ਲਗਭਗ 450 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਦੀ ਉਮਰ 16 ਤੋਂ 20 ਸਾਲ ਦੇ ਵਿਚਕਾਰ ਹੈ। ਇਹ ਹਮਲਾ ਸ਼ੁੱਕਰਵਾਰ ਦੁਪਹਿਰ ਦੇ ਸ਼ੁਰੂਆਤੀ ਸਮੇਂ ਵਿੱਚ ਉਸ ਵੇਲੇ ਹੋਇਆ, ਜਦੋਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਅਜੇ ਸਕੂਲ ਖੁੱਲ੍ਹੇ ਹੀ ਸਨ। ਸੂਚਨਾ ਮਿਲਦੇ ਹੀ ਪੁਲਸ ਦੀਆਂ ਕਈ ਗੱਡੀਆਂ, ਐਂਬੂਲੈਂਸ ਅਤੇ ਪੁਲਸ ਦਾ ਹੈਲੀਕਾਪਟਰ ਵੀ ਮੌਕੇ 'ਤੇ ਪਹੁੰਚ ਗਏ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਸ ਨੇ ਸਕੂਲ ਦੀ ਘੇਰਾਬੰਦੀ ਕਰ ਦਿੱਤੀ ਅਤੇ ਆਲੇ-ਦੁਆਲੇ ਦੇ ਹੋਰ ਸਕੂਲਾਂ ਨੂੰ ਵੀ ਤੁਰੰਤ ਬੰਦ ਕਰਵਾ ਦਿੱਤਾ ਗਿਆ।
ਸਵੀਡਨ ਦੇ ਇੱਕ ਸਥਾਨਕ ਅਖ਼ਬਾਰ 'ਆਫਟਨਬਲਾਡੇਟ' ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਹਮਲਾਵਰ ਹੱਥ ਵਿੱਚ ਇੱਕ ਵੱਡਾ ਚਾਕੂ ਲੈ ਕੇ ਘੁੰਮ ਰਿਹਾ ਸੀ, ਜਿਸ ਨੂੰ ਕਾਬੂ ਕਰਨ ਲਈ ਪੁਲਸ ਨੇ ਉਸ ਦੇ ਪੈਰ ਵਿੱਚ ਗੋਲੀ ਮਾਰੀ। ਹਾਲਾਂਕਿ, ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਦਾਅਵੇ ਅਤੇ ਜ਼ਖ਼ਮੀਆਂ ਦੀ ਅਸਲ ਗਿਣਤੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਸਵੀਡਨ ਦੇ ਪ੍ਰਧਾਨ ਮੰਤਰੀ ਉਲਫ਼ ਕ੍ਰਿਸਟਰਸਨ ਨੇ ਇਸ ਘਟਨਾ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਫਾਗੇਰਸਤਾ ਦੇ ਸਕੂਲ ਵਿੱਚ ਇੱਕ ਬੇਹੱਦ ਗੰਭੀਰ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਬਹੁਤ ਸਰਗਰਮੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਹਮਲੇ ਦੇ ਅਸਲ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਵੀਡਨ ਦੇ ਨਿਆਂ ਮੰਤਰੀ ਗੁੰਨਾਰ ਸਟ੍ਰੋਮਰ ਨੇ ਵੀ ਕਿਹਾ ਕਿ ਸਰਕਾਰ ਪੁਲਸ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਵੀਡਨ ਦੇ ਸਕੂਲਾਂ ਵਿੱਚ ਪਹਿਲਾਂ ਵੀ ਅਜਿਹੇ ਘਾਤਕ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਫਰਵਰੀ 2025 ਵਿੱਚ ਓਰੇਬ੍ਰੋ ਵਿਖੇ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਅਕਤੂਬਰ 2015 ਵਿੱਚ ਟ੍ਰੋਲਹੈਟਨ ਦੇ ਇੱਕ ਸਕੂਲ ਵਿੱਚ ਹੋਏ ਤਲਵਾਰ ਦੇ ਹਮਲੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ।
ਭਾਰਤੀ ਕੰਪਨੀਆਂ ਦੀ ਵਧੀ ਮੁਸ਼ਕਲ, ਚੀਨ ਧੜਾਧੜ ਰੱਦ ਕਰ ਰਿਹਾ ਭਾਰਤੀਆਂ ਦੇ ਵਪਾਰਕ ਵੀਜ਼ੇ
NEXT STORY