ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਿਹਤ ਅਧਿਕਾਰੀਆਂ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ, 1981 ਤੋਂ 2019 ਦਰਮਿਆਨ ਐੱਚ. ਆਈ. ਵੀ. ਏਡਜ਼ ਦੀਆਂ ਸਾਲਾਨਾ ਵਾਇਰਸ ਦੀਆਂ ਦਰਾਂ ’ਚ 73 ਫੀਸਦੀ ਦੀ ਗਿਰਾਵਟ ਆਈ ਹੈ। ਬੀਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਅਨੁਸਾਰ ਸਮੁੱਚੇ ਪੱਧਰ ’ਤੇ ਇਸ ’ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦੀ ਲਾਗ ਦੀ ਦਰ ਘੱਟਗਿਣਤੀ ਕਾਲੇ ਅਤੇ ਲਾਤੀਨੀ ਲੋਕਾਂ ’ਚ ਵਧ ਗਈ ਹੈ।
ਸੀ. ਡੀ. ਸੀ. ਨੇ ਤਕਰੀਬਨ 40 ਸਾਲ ਪਹਿਲਾਂ 5 ਜੂਨ ਨੂੰ ਉਸ ਵੇਲੇ ਦੇ ਨਵੇਂ ਅਤੇ ਰਹੱਸਮਈ ਵਾਇਰਸ (ਐੱਚ. ਆਈ. ਵੀ.) ਬਾਰੇ ਆਪਣੀ ਪਹਿਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਸੀ. ਡੀ. ਸੀ. ਦੀ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਅਨੁਸਾਰ ਇਹ ਗਿਰਾਵਟ ਵਿਗਿਆਨਿਕਾਂ, ਮਰੀਜ਼ਾਂ ਅਤੇ ਕਮਿਊਨਿਟੀਆਂ ਦੇ ਸਹਿਯੋਗ ਕਾਰਨ ਆਈ ਹੈ। ਅਮਰੀਕਾ ’ਚ ਅੰਦਾਜ਼ਨ 1.2 ਮਿਲੀਅਨ ਲੋਕ ਹਿਊਮਨ ਇਮਿਨੋ ਡੈਫੀਸ਼ੀਐਂਸੀ ਵਾਇਰਸ (ਐੱਚ. ਆਈ. ਵੀ.) ਨਾਲ ਜੀਅ ਰਹੇ ਹਨ, ਜਿਨ੍ਹਾਂ ’ਚੋਂ 13 ਫੀਸਦੀ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਵਾਇਰਸ ਹੈ। ਨਵੀਂ ਰਿਪੋਰਟ ਦੇ ਅਨੁਸਾਰ ਸਾਲਾਨਾ ਐੱਚ. ਆਈ. ਵੀ. ਦੀ ਸੰਭਾਵਨਾ 1981 ’ਚ 20,000 ਲਾਗਾਂ ਤੋਂ ਵਧ ਕੇ 1984 ਅਤੇ 1985 ’ਚ 1,30,400 ਤੱਕ ਪਹੁੰਚ ਗਈ ਸੀ ਅਤੇ ਇਹ ਦਰ ਸਾਲ 1991 ਤੋਂ 2007 ਦੇ ਵਿਚਕਾਰ ਲੱਗਭਗ 50,000-58,000 ਦੀ ਗਿਣਤੀ ਨਾਲ ਸਥਿਰ ਰਹੀ ਅਤੇ ਫਿਰ ਹਾਲ ਹੀ ਦੇ ਸਾਲਾਂ ’ਚ ਘਟ ਕੇ 34,800 ਦੀ ਲਾਗ ਨਾਲ 2019 ’ਚ ਦਰਜ ਕੀਤੀ ਗਈ ਹੈ।
ਰਿਪੋਰਟ ਅਨੁਸਾਰ ਕਾਲੇ ਮੂਲ ਦੇ ਲੋਕਾਂ ਵਿੱਚ ਐੱਚ. ਆਈ. ਵੀ. ਲਾਗ ਦਾ ਅਨੁਪਾਤ 1981 ’ਚ 29 ਫੀਸਦੀ ਤੋਂ ਵਧ ਕੇ 2019 ’ਚ 41 ਫੀਸਦੀ ਹੋ ਗਿਆ ਹੈ ਅਤੇ ਉਸੇ ਸਮੇਂ ’ਚ ਹਿਸਪੈਨਿਕ ਲੋਕਾਂ ’ਚ 16 ਫੀਸਦੀ ਤੋਂ ਲੈ ਕੇ 29 ਫੀਸਦੀ ਤੱਕ ਵਾਧਾ ਹੋਇਆ ਹੈ। ਸਿਹਤ ਮਾਹਿਰਾਂ ਅਨੁਸਾਰ ਲੋਕਾਂ ’ਚ ਜਾਗਰੂਕਤਾ ਅਤੇ ਰੁਟੀਨ ਚੈੱਕਅਪ, ਟੈਸਟਾਂ ਕਰਕੇ ਇਸ ਬੀਮਾਰੀ ’ਚ ਗਿਰਾਵਟ ਨੋਟ ਕੀਤੀ ਗਈ ਹੈ।
ਬ੍ਰਾਜ਼ੀਲ ’ਚ ਰੂਸੀ ਵੈਕਸੀਨ Sputnik V ਦੀ ਸਪਲਾਈ ਜੁਲਾਈ ’ਚ ਹੋਵੇਗੀ
NEXT STORY