ਰੋਮ/ਇਟਲੀ (ਕੈਂਥ)-ਇਟਲੀ ਦੇ ਸੂਬੇ ਲਾਸੀਓ ਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵੱਲੋਂ ਸਮੂਹ ਸੰਗਤਾਂ ਅਤੇ ਨੌਜਵਾਨ ਸੇਵਾਦਾਰਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਬਹੁਤ ਹੀ ਸ਼ਰਧਾ, ਭਾਵਨਾਵਾਂ ਅਤੇ ਸਤਿਕਾਰ ਸਹਿਤ ਇਹ ਪਵਿੱਤਰ ਦਿਹਾੜਾ ਮਨਾਇਆ ਗਿਆ । ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਬੀਤੇ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ ਅਤੇ ਅਖੰਡ ਪਾਠ ਸਾਹਿਬ ਦੇ ਜਾਪਾਂ ਦੇ ਭੋਗ ਐਤਵਾਰ ਨੂੰ ਪਾਏ ਗਏ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਰੰਗ-ਬਿਰੰਗੇ ਸੁੰਦਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਜਥੇ ਵਲੋਂ ਜਿਨ੍ਹਾਂ ’ਚ ਭਾਈ ਜਗਜੀਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਨਵਪ੍ਰੀਤ ਸਿੰਘ, ਭਾਈ ਕੁਲਦੀਪ ਸਿੰਘ ਤੋਂ ਇਲਾਵਾ ਭਾਈ ਅੰਗਰੇਜ਼ ਸਿੰਘ ਜਾਗਲਾਂ ਤੇ ਸਾਥੀ ਭਾਈ ਬਖਤਾਵਰ ਸਿੰਘ ਮਹਿਤਾ ਵੱਲੋਂ ਕਵੀਸ਼ਰੀ ਵਾਰਾਂ ਨਾਲ ਗੁਰਇਤਿਹਾਸ ਤੋਂ ਜਾਣੂ ਕਰਵਾਇਆਂ ਗਿਆ।
ਇਸ ਮੌਕੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦਸਤਾਰ ਲਹਿਰ ਇਟਲੀ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਦੇ ਸਿਰਾਂ ’ਤੇ ਸਿੱਖੀ ਦੀ ਸ਼ਾਨ ਅਤੇ ਸਿੱਖਾਂ ਦੇ ਸਿਰ ਦਾ ਤਾਜ ਸੁੰਦਰ ਦਸਤਾਰਾਂ ਸਜਾਈਆਂ ਗਈਆਂ। ਇਹ ਸੰਸਥਾ ਇਟਲੀ ’ਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਨਗਰ ਕੀਰਤਨਾਂ ਅਤੇ ਗੁਰਦੁਆਰਾ ਵਿਖੇ ਸਮਾਗਮਾਂ ’ਚ ਫ੍ਰੀ ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰਾਂ ਸਜਾਉਣ ਦੀਆਂ ਸੇਵਾਵਾਂ ਨਿਭਾ ਰਹੀ ਹੈ। ਉਪਰੰਤ ਇਸ ਸਮਾਗਮ ’ਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਗੁਰੂਘਰ ਦੀ ਬਖ਼ਸ਼ੀਸ਼ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਨੌਜਵਾਨ ਸੇਵਾਦਾਰਾਂ ਵੱਲੋਂ ਗੁਰੂਘਰ ਦੇ ਮੁੱਖ ਗ੍ਰੰਥੀ ਸਿੰਘ ਭਾਈ ਜਗਜੀਤ ਸਿੰਘ ਨੂੰ ਬੀਤੇ ਦਿਨੀਂ ਇੱਕ ਚੌਕੜੇ ’ਚ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨਤਾ ਕਰਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ’ਚ ਅਰਦਾਸ ਕੀਤੀ ਗਈ। ਇਸ ਸਮਾਗਮ ’ਚ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰੰਬੰਧਕ ਕਮੇਟੀਆ ਦੇ ਮੈਂਬਰਾਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਹਰ ਰਾਤ ਹਰ ਦਿਨ ਨਾ ਰੁਕਣ ਦੇਵੇਗਾ, ਨਾ ਥੱਕਣ ਦੇਵੇਗਾ ਇਹ ਦੇਸੀ ਨੁਸਖ਼ਾ
NEXT STORY