ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਵਿੱਚ ਪਹਿਲੇ ਸਿੱਖ ਸਿਪਾਹੀ ਦਾ 'ਬੁੱਤ' ਲੱਗਣ ਨਾਲ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਮਾਣ ਹੋਰ ਵੀ ਵਧ ਗਿਆ ਹੈ। ਦੁਨੀਆ ਭਰ ਵਿੱਚ ਸਿੱਖ ਫ਼ੌਜੀਆਂ ਵੱਲੋਂ ਦਿੱਤੀ ਸ਼ਹਾਦਤ ਨੂੰ ਯਾਦ ਰੱਖਣ ਲਈ ਸਿਡਨੀ ਦੇ ਇਲਾਕੇ ਗਲੈਨਵੁੱਡ ਵਿਖੇ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਗਿਆ। ਫ਼ਤਿਹ ਫਾਊਡੇਸ਼ਨ ਤੋਂ ਹਰਕੀਰਤ ਸਿੰਘ ਸੰਧਰ, ਅਮਰਿੰਦਰ ਸਿੰਘ ਬਾਜਵਾ ਅਤੇ ਦਵਿੰਦਰ ਸਿੰਘ ਧਾਰੀਆਂ ਨੇ ਦੱਸਿਆ ਕੇ ਇਹ ਬੁੱਤ ਪਹਿਲੀ ਸੰਸਾਰ ਜੰਗ, ਦੂਸਰੀ ਸੰਸਾਰ ਜੰਗ ਅਤੇ ਸਾਰਗੜ੍ਹੀ ਵਿਖੇ ਸਿੱਖ ਸਿਪਾਹੀਆਂ ਦੀ ਦਿੱਤੀ ਸ਼ਹਾਦਤ ਨੂੰ ਯਾਦ ਕਰਾਉਂਦਾ ਰਹੇਗਾ।
ਪ੍ਰਬੰਧਕਾਂ ਨੇ ਦੱਸਿਆ ਕੇ ਇਹ ਕਾਰਜ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ। ਪ੍ਰੋਗਰਾਮ ਦਾ ਰਸਮੀ ਅਗਾਜ਼ ਅਮਰਿੰਦਰ ਸਿੰਘ ਬਾਜਵਾ ਨੇ ਕੀਤਾ ਅਤੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਬੁੱਤ ਦੇ ਇਤਿਹਾਸ 'ਤੇ ਚਾਨਣਾ ਪਾਇਆ ਅਤੇ ਸਟੇਜ ਪ੍ਰਬੰਧ ਵਿਕਰਮ ਗਰੇਵਾਲ਼ ਨੇ ਕੀਤਾ। ਸਿੱਖ ਸਿਪਾਹੀ ਦੇ ਇਸ ਬੁੱਤ ਨੂੰ ਬਲੈਕਟਾਉਨ ਦੇ ਮੇਅਰ ਮਾਣਯੋਗ ਟੋਨੀ ਬਲੀਸਡੇਲ ਨੇ ਲੋਕ ਅਰਪਿਤ ਕੀਤਾ। ਬਿਗੁਲ ਵਜਾ ਕੇ ਸਾਰੇ ਸਿਪਾਹੀਆਂ ਨੂੰ ਸੱਚੀ ਸ਼ਰਧਾਂਜਲੀ ਦਿਤੀ ਅਤੇ 1 ਮਿੰਟ ਦਾ ਮੌਨ ਰੱਖਿਆ। ਮਾਣਯੋਗ ਮੇਅਰ ਨੇ ਬੋਲਦਿਆਂ ਕਿਹਾ ਕੇ ਬਲੈਕਟਾਉਨ ਕੌਂਸਲ ਲਈ ਇਸ ਬੁੱਤ ਨੂੰ ਲੋਕ ਅਰਪਿਤ ਕਰਨਾ ਮਾਣ ਦੀ ਗੱਲ ਹੈ।
ਫ਼ਤਿਹ ਫਾਊਡੇਸ਼ਨ ਤੋਂ ਹਰਕੀਰਤ ਸਿੰਘ ਸੰਧਰ ਨੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਪਹਿਲੀ ਕਿਤਾਬ ਲਿਖਦਿਆਂ ਉਹਨਾਂ ਨੇ ਪੂਰੇ ਆਸਟ੍ਰੇਲੀਆ ਨੂੰ ਘੁੰਮਿਆ ਅਤੇ ਮਹਿਸੂਸ ਕੀਤਾ ਕਿ ਸਿੱਖਾਂ ਦੀ ਹੋਂਦ ਨੂੰ ਦਰਸਾਉਂਦਾ ਕੋਈ ਸਥਾਨ ਨਹੀਂ ਹੈ। 2018 ਤੋਂ ਲਿਆ ਹੋਇਆ ਸੁਫ਼ਨਾ ਅੱਜ ਸਾਕਾਰ ਹੋਇਆ ਹੈ। ਸੰਧਰ ਨੇ ਇਹ ਵੀ ਦੱਸਿਆ ਕੇ ਸੰਸਾਰ ਜੰਗ ਵੇਲੇ 12 ਲੱਖ ਤੋਂ ਉੱਪਰ ਜਿੱਥੇ ਭਾਰਤੀ ਇਸ ਜੰਗ ਦਾ ਹਿੱਸਾ ਬਣੇ, ਉੱਥੇ ਬ੍ਰਿਟਿਸ਼ ਫ਼ੌਜ ਵਿੱਚ 22% ਪੰਜਾਬੀ ਸਨ। ਸਿੱਖਾਂ ਦੇ ਆਸਟ੍ਰੇਲੀਆ ਵਿੱਚ ਕੀਤੇ ਮਹੱਤਵਪੂਰਨ ਕਾਰਜਾਂ ਦੀ ਇਕ ਤਖ਼ਤੀ ਵੀ ਬੁੱਤ 'ਤੇ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ
ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ ਅਤੇ ਗੁਰੂ ਸਾਹਿਬ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਫ਼ਤਿਹ ਫਾਊਂਡੇਸ਼ਨ ਦੇ ਇਸ ਵਿਸ਼ੇਸ਼ ਕਾਰਜ ਨੂੰ ਵਧਾਈ ਦੇਣ ਲਈ ਮਾਣਯੋਗ ਡੇਵਿਡ ਸ਼ੋਅਬ੍ਰਿਜ, ਕੌਂਸਲਰ ਮਨਿੰਦਰ ਸਿੰਘ, ਕੌਂਸਲਰ ਕੁਸ਼ਪਿੰਦਰ ਕੌਰ ਅਤੇ ਹੋਰ ਮਾਣਯੋਗ ਸ਼ਖਸ਼ੀਅਤਾਂ ਹਾਜਰ ਸਨ। ਬੁੱਤ ਲੱਗਣ ਦੇ ਨਾਲ ਆਸਟ੍ਰੇਲੀਆ ਵਿੱਚ ਵੱਸਦੇ ਸਮੁੱਚੇ ਸਿੱਖ ਭਾਈਚਾਰੇ ਦੇ ਲੋਕ ਇਸ ਬੁੱਤ ਨੂੰ ਬੜੇ ਮਾਣ ਨਾਲ ਦੇਖ ਰਹੇ ਹਨ ਅਤੇ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਅਤੇ ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖ ਕੌਮ ਦੇ ਯੋਗਦਾਨ ਨੂੰ ਬਿਆਨ ਕਰਦਾ ਇਹ ਬੁੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਏਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਵਾ 'ਚ ਟਕਰਾਉਣ ਵਾਲੇ ਸਨ ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਦੇ ਜਹਾਜ਼, ਟਲਿਆ ਵੱਡਾ ਹਾਦਸਾ
NEXT STORY