ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸੈਨਿਕਾਂ ਦੀ ਅਫਗਾਨਿਸਤਾਨ ’ਚ ਤਾਇਨਾਤੀ ਦੌਰਾਨ ਸਹਾਇਤਾ ਕਰਨ ਵਾਲੇ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਦੇ ਮੰਤਵ ਨਾਲ ਬਾਈਡੇਨ ਪ੍ਰਸ਼ਾਸਨ ਨੇ ਬੁੱਧਵਾਰ ‘ਆਪ੍ਰੇਸ਼ਨ ਅਲਾਈਜ਼ ਰਿਫਿਊਜੀ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਇਹ ਕਾਰਵਾਈ ਜੁਲਾਈ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋਵੇਗੀ ਅਤੇ ਇਸ ਤਹਿਤ ਉਨ੍ਹਾਂ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੀਲੋਕੇਸ਼ਨ ਫਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ਨੇ ਯੂ. ਐੱਸ. ਸਰਕਾਰ ਦੀ ਸਹਾਇਤਾ ਕੀਤੀ ਸੀ ਅਤੇ ਜੋ ਸਪੈਸ਼ਲ ਇਮੀਗ੍ਰੈਂਟ ਵੀਜ਼ਾ (ਐੱਸ. ਆਈ. ਵੀ.) ਲਈ ਬਿਨੈ ਕਰ ਰਹੇ ਹਨ। ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਬਾਹਰ ਕੱਢ ਰਿਹਾ ਹੈ ਅਤੇ 31 ਅਗਸਤ ਤੱਕ ਬਹੁਗਿਣਤੀ ਫੌਜਾਂ ਦੇ ਵਾਪਸ ਆਉਣ ਦੀ ਯੋਜਨਾ ਹੈ।
ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਹਫਤੇ ਜਾਣਕਾਰੀ ਦਿੱਤੀ ਸੀ ਕਿ ਲੱਗਭਗ 2500 ਬਿਨੈਕਾਰਾਂ ਨੇ ਵੀਜ਼ਾ ਪ੍ਰਾਪਤ ਕਰ ਲਿਆ ਹੈ ਅਤੇ ਲੱਗਭਗ 1000 ਨੇ ਪਹਿਲਾਂ ਹੀ ਅਮਰੀਕਾ ਆਉਣ ਲਈ ਉਡਾਣ ਭਰੀ ਹੈ। ਸਟੇਟ ਡਿਪਾਰਟਮੈਂਟ ਕੋਆਰਡੀਨੇਸ਼ਨ ਯੂਨਿਟ ਦੀ ਅਗਵਾਈ ਵਾਲੇ ‘ਆਪ੍ਰੇਸ਼ਨ ਅਲਾਈਜ਼ ਰਿਫਿਊਜੀ’ ਦੀ ਦੇਖ-ਰੇਖ ਅੰਬੈਸਡਰ ਟਰੇਸੀ ਜੈਕਬਸਨ ਕਰ ਰਹੇ ਹਨ ਅਤੇ ਇਸ ਵਿੱਚ ਰੱਖਿਆ ਵਿਭਾਗ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ, ਜਦਕਿ ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਅਨੁਸਾਰ ਪੈਂਟਾਗਨ ਇਸ ਲਈ ਅਸਥਾਈ ਤੌਰ ’ਤੇ ਅਫਗਾਨ ਸ਼ਰਨਾਰਥੀਆਂ ਨੂੰ ਰਹਿਣ ਲਈ ਵਿਦੇਸ਼ੀ ਅਤੇ ਘਰੇਲੂ ਟਿਕਾਣਿਆਂ ਦੀਆਂ ਰਿਹਾਇਸ਼ਾਂ ਦਾ ਮੁਲਾਂਕਣ ਕਰ ਰਿਹਾ ਹੈ।ਐੱਸ. ਆਈ. ਵੀ. ਅਰਜ਼ੀਆਂ ਬਾਰੇ ਵਿਦੇਸ਼ ਵਿਭਾਗ ਦੀ ਰਿਪੋਰਟ ਅਨੁਸਾਰ ਅਜੇ ਵੀ 16,000 ਅਰਜ਼ੀਆਂ ਪ੍ਰਕਿਰਿਆ ’ਚ ਹਨ।
ਕੈਲੀਫੋਰਨੀਆ ਦੀ 16 ਸਾਲਾ ਬੱਚੀ ਨੇ ਕਿਸਾਨ ਅੰਦੋਲਨ ’ਚ ਪਾਇਆ ਅਣਮੁੱਲਾ ਯੋਗਦਾਨ
NEXT STORY