ਇਸਲਾਮਾਬਾਦ (ਭਾਸ਼ਾ)-ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਸੈਸ਼ਨ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਅਤੇ ਖੁਦ ਨੂੰ ਦੋਸ਼ੀ ਠਹਿਰਾਉਣ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਇਸਲਾਮਾਬਾਦ ਹਾਈ ਕੋਰਟ (ਆਈ. ਐੱਚ. ਸੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਟੀਸ਼ਨ ’ਤੇ ਸੁਣਵਾਈ 28 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਇਮਰਾਨ ਖਾਨ ਫਿਲਹਾਲ ਜੇਲ ’ਚ ਬੰਦ ਹਨ।
ਹਾਈ ਕੋਰਟ 22 ਅਗਸਤ ਤੋਂ ਇਮਰਾਨ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਦੀ ਬੈਂਚ ਨੇ ਵੀਰਵਾਰ ਸੁਣਵਾਈ ਇਕ ਦਿਨ ਲਈ ਮੁਲਤਵੀ ਕਰ ਦਿੱਤੀ ਸੀ। ਉਦੋਂ ਸਮਝਿਆ ਗਿਆ ਸੀ ਕਿ ਅਦਾਲਤ ਸ਼ੁੱਕਰਵਾਰ ਨੂੰ ਫੈਸਲਾ ਸੁਣਾ ਸਕਦੀ ਹੈ। ਖਾਨ (70) ਇਸ ਸਮੇਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਟਕ ਜੇਲ ਵਿਚ ਬੰਦ ਹਨ।
ਸਾਬਕਾ ਪ੍ਰਧਾਨ ਮੰਤਰੀ ਨੂੰ 5 ਸਾਲਾਂ ਲਈ ਕਿਸੇ ਵੀ ਸਰਕਾਰੀ ਅਹੁਦੇ ’ਤੇ ਰਹਿਣ ਲਈ ਵੀ ਅਯੋਗ ਕਰਾਰ ਦਿੱਤਾ ਗਿਆ ਹੈ। 5 ਅਗਸਤ ਨੂੰ ਇਸਲਾਮਾਬਾਦ ਸਥਿਤ ਸੈਸ਼ਨ ਅਦਾਲਤ ਦੇ ਜੱਜ ਹੁਮਾਯੂੰ ਦਿਲਾਵਰ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਵੱਲੋਂ ਦਾਇਰ ਇਕ ਮਾਮਲੇ ਵਿਚ ਖਾਨ (70) ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਦੂਜੇ ਪਾਸੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੇ ਦਾਅਵਾ ਕੀਤਾ ਹੈ ਕਿ ਜੇਲ ਵਿਚ ਇਮਰਾਨ ਦੀ ਜਾਨ ਨੂੰ ਖ਼ਤਰਾ ਹੈ। ਉਸ ਨੇ ਅਦਾਲਤ ਵਿਚ ਹਲਫ਼ਨਾਮਾ ਦਾਇਰ ਕੀਤਾ ਹੈ ਕਿ ਇਮਰਾਨ ਨੂੰ ਜੇਲ ਵਿਚ ਮਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਜੇਲ ਵਿਚ ਉਸ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਗ੍ਰੀਸ ਤੋਂ ਰਵਾਨਾ ਹੋਏ PM ਮੋਦੀ, ISRO ਦੇ ਵਿਗਿਆਨੀਆਂ ਨੂੰ ਵਧਾਈ ਦੇਣ ਜਾਣਗੇ ਬੈਂਗਲੁਰੂ
NEXT STORY