ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਵਿੱਚ ਸਥਿਤ ਟੰਬਲਰ ਰਿਜ਼ ਸ਼ਹਿਰ ਵਿੱਚ ਪਿਛਲੇ ਹਫਤੇ ਉਥੋਂ ਦੇ ਇੱਕ ਸਕੂਲ ਵਿੱਚ ਵਾਪਰੀ ਭਿਆਨਕ ਗੋਲਾਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਅਜੇ ਤੱਕ ਸੋਗ ਦਾ ਮਾਹੌਲ ਸਿਰਜਿਆ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦਰਦਨਾਕ ਹਾਦਸੇ ਵਿੱਚ ਫੁੱਲਾਂ ਵਰਗੇ 6 ਮਸੂਮ ਬੱਚਿਆਂ ਸਮੇਤ 2 ਹੋਰਨਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਪੂਰਾ ਕੈਨੇਡਾ ਹਿਲ ਗਿਆ ਸੀ।
ਉਕਤ ਦੁਖਦਾਈ ਘਟਨਾ ਤੋਂ ਕੁਝ ਦਿਨ ਬਾਅਦ ਸ਼ਹਿਰ ਵਿੱਚ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕੈਨੇਡਾ ਦੇ ਹੋਰਨਾਂ ਸਿਆਸੀ ਆਗੂਆਂ ਸਮੇਤ ਸੈਂਕੜੇ ਲੋਕਾਂ ਨੇ ਸ਼ਾਮਲ ਹੋ ਕੇ ਮ੍ਰਿਤਕਾਂ ਨੂੰ ਯਾਦ ਕੀਤਾ। ਲੋਕਾਂ ਵੱਲੋਂ ਫੁੱਲ, ਮੋਮਬੱਤੀਆਂ ਅਤੇ ਖਿਲੌਣੇ ਰੱਖ ਕੇ ਆਪਣੇ ਦੁੱਖ ਅਤੇ ਮ੍ਰਿਤਕਾਂ ਦੇ ਸਨਮਾਨ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਵੈਸਟ ਮੋਬਰਲੀ ਫਸਟ ਨੇਸ਼ਨਜ਼ ਦੇ ਬਜ਼ੁਰਗ ਜਾਰਜ ਡੈਸਜਾਰਲੇ ਨੇ ਇਸ ਮੌਕੇ ਦੁਆ ਕਰਵਾਈ ਅਤੇ ਲੋਕਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਆਪਸੀ ਸਹਿਯੋਗ ਅਤੇ ਪਿਆਰ ਹੀ ਸਭ ਤੋਂ ਵੱਡੀ ਤਾਕਤ ਹੈ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਹ ਘਟਨਾ ਸਮੁੱਚੇ ਕੈਨੇਡਾ ਦੇ ਸਾਰੇ ਭਾਈਚਾਰਿਆਂ ਅਤੇ ਸਾਰੀਆਂ ਕਮਊਨਿਟੀਆਂ ਲਈ ਇੱਕ ਵੱਡਾ ਝਟਕਾ ਸੀ ਜਿਸ ਮਗਰੋਂ ਲੋਕ ਇਕ-ਦੂਜੇ ਦਾ ਸਾਥ ਦੇ ਕੇ ਹੌਂਸਲੇ ਨਾਲ ਅੱਗੇ ਵਧਣ ਲਈ ਯਤਨਸ਼ੀਲ ਹਨ।
ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪੀੜਤ ਪਰਿਵਾਰਾਂ ਲਈ ਮਨੋਵਿਗਿਆਨਕ ਸਹਾਇਤਾ ਅਤੇ ਕੌਂਸਲਿੰਗ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ, ਸਕੂਲਾਂ ਅਤੇ ਕਮਿਊਨਿਟੀ ਕੇਂਦਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸ ਦੁੱਖਦਾਈ ਘਟਨਾ ਦੇ ਬਾਵਜੂਦ, ਟੰਬਲਰ ਰਿਜ਼ ਦੇ ਵਸਨੀਕਾਂ ਵੱਲੋਂ ਦਿਖਾਇਆ ਗਿਆ ਆਪਸੀ ਪਿਆਰ ਅਤੇ ਇਕਜੁਟਤਾ ਸਮੁੱਚੀ ਮਨੁੱਖਤਾ ਦੀ ਇੱਕ ਨਵੀਂ ਮਿਸਾਲ ਬਣ ਕੇ ਸਾਹਮਣੇ ਆਈ ਹੈ।
IND vs PAK: ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਗੁੱਸਾ ਹੋਏ ਆਸਿਮ ਮੁਨੀਰ, ਖ਼ਤਰੇ 'ਚ PCB ਚੀਫ ਦੀ ਕੁਰਸੀ?
NEXT STORY