ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ 'ਚ ਰਹਿਣ ਵਾਲੇ ਸਿੱਕਾ ਖਾਨ 74 ਸਾਲ ਬਾਅਦ ਪਾਕਿਸਤਾਨ 'ਚ ਆਪਣੇ ਭਰਾ ਮੁਹੰਮਦ ਸਿੱਦੀਕੀ ਨੂੰ ਮਿਲਣ ਲਈ ਪਹੁੰਚੇ। ਦਰਅਸਲ ਭਾਰਤ 'ਚ ਪਾਕਿਸਤਾਨ ਦੇ ਦੂਤਘਰ ਨੇ ਉਸ ਨੂੰ ਵੀਜ਼ਾ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਹ ਹੁਣ ਪਾਕਿਸਤਾਨ ਜਾ ਸਕੇ। ਵੰਡ ਵਿਚ ਪਰਿਵਾਰ ਤੋਂ ਵਿਛੜਨ ਦੇ ਬਾਅਦ ਕੁਝ ਸਮਾਂ ਪਹਿਲਾਂ ਜਨਵਰੀ 2022 ਵਿਚ ਬਾਰਡਰ 'ਤੇ ਮਿਲੇ ਦੋਵਾਂ ਭਰਾਵਾਂ ਦੇ ਬਹੁਤ ਗਮਗੀਨ ਹਾਲਾਤ ਵਿਚ ਰੋਂਦੇ ਹੋਏ ਦੀਆਂ ਤਸਵੀਰਾਂ ਅਤ ਵੀਡੀਓ ਵਾਇਰਲ ਹੋਣ ਦੇ ਬਾਅਦ ਹੁਣ ਸ਼ਨੀਵਾਰ 26 ਮਾਰਚ ਨੂੰ ਦੋਵੇਂ ਭਰਾ ਇਕ ਵਾਰ ਫਿਰ ਵਾਹਗਾ ਬਾਰਡਰ 'ਤੇ ਮਿਲੇ ਤਾਂ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਦੋਵੇਂ ਭਰਾ ਜਦੋਂ ਸ਼ਨੀਵਾਰ ਰਾਤ ਨੂੰ ਪਾਕਿਸਤਾਨ ਵਿਚ ਬਣੇ ਆਪਣੇ ਘਰ ਪਹੁੰਚੇ ਤਾਂ ਪੂਰਾ ਇਲਾਕਾ ਉਹਨਾਂ ਦੇ ਸਵਾਗਤ ਲਈ ਜੋਸ਼ ਵਿਚ ਦਿਸਿਆ।
ਇਲਾਕੇ ਦਾ ਹਰ ਵਿਅਕਤੀ ਦੋਵਾਂ ਭਰਾਵਾਂ ਨੂੰ ਦੇਖਣ ਲਈ ਮੌਜੂਦ ਸੀ। ਸਿੱਕਾ ਖਾਨ ਅਤੇ ਸਿੱਦੀਕੀ ਦੀ ਉਮਰ ਵਿਚ ਦੋ ਸਾਲ ਦਾ ਫ਼ਰਕ ਹੈ। ਵੰਡ ਤੋਂ ਬਾਅਦ ਭਰਾ ਸਿੱਦੀਕੀ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲੇ ਸਿੱਕਾ ਖਾਨ ਨੇ ਆਪਣੇ ਭਰਾ ਨੂੰ ਰੋਟੀ ਖਵਾ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉੱਥੇ ਸਿੱਦੀਕੀ ਨੇ ਵੀ ਉਸ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਈ। ਸਿੱਕਾ ਖਾਨ ਨੇ ਕਿਹਾ ਕਿ ਉਹ ਜਦੋਂ ਵਾਪਸ ਆਉਣਗੇ ਤਾਂ ਉਹਨਾਂ ਦਾ ਭਰਾ ਹਿੰਦੁਸਤਾਨ ਆਵੇਗਾ ਕਿਉਂਕਿ ਉਸ ਨੇ ਇੱਥੇ ਵੀਜ਼ਾ ਲਿਆ ਹੋਇਆ ਹੈ।
ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿੱਕਾ ਖਾਨ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ 'ਚ ਰਹਿ ਰਹੇ ਆਪਣੇ ਵੱਡੇ ਭਰਾ ਨਾਲ 74 ਸਾਲ ਬਾਅਦ ਮੁਲਾਕਾਤ ਕੀਤੀ ਸੀ। ਇਹ ਖ਼ਬਰ ਉਦੋਂ ਪੂਰੀ ਦੁਨੀਆ 'ਚ ਸੁਰਖੀਆਂ 'ਚ ਰਹੀ ਸੀ। ਦੋਵੇਂ ਭਰਾ ਵੰਡੇ ਸਮੇਂ ਵੱਖ ਹੋ ਗਏ ਸਨ। ਪਾਕਿਸਤਾਨ 'ਚ ਰਹਿ ਰਹੇ ਸਿੱਕਾ ਖਾਨ ਦੇ ਵੱਡੇ ਭਰਾ ਦਾ ਨਾਂ ਮੁਹੰਮਦ ਸਿੱਦੀਕੀ ਹੈ। ਉੱਥੇ ਹੀ ਸਿੱਕਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ 'ਚ ਰਹਿੰਦਾ ਹੈ। ਸਿੱਕਾ ਖਾਨ ਦਾ ਵੱਡਾ ਭਰਾ 80 ਸਾਲ ਦੇ ਮੁਹੰਮਦ ਸਿੱਦੀਕੀ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ 'ਚ ਰਹਿੰਦਾ ਹੈ। ਦੋਵੇਂ ਭਰਾ ਜਦੋਂ ਕਰਤਾਰਪੁਰ ਲਾਂਘੇ 'ਚ ਮਿਲੇ ਤਾਂ ਦੋਹਾਂ ਨੇ ਇਕ ਦੂਜੇ ਨੂੰ ਪਿਆਰ ਨਾਲ ਗਲ਼ੇ ਲਗਾਇਆ। ਇਸੇ ਮੁਲਾਕਾਤ ਦੌਰਾਨ ਹੀ ਸਿੱਕਾ ਖਾਨ ਨੂੰ ਪਤਾ ਲੱਗਾ ਕਿ ਉਸ ਦਾ ਜਨਮ ਸਮੇਂ ਨਾਂ ਹਬੀਬ ਖਾਨ ਸੀ। ਇਸ ਤੋਂ ਪਹਿਲਾਂ ਦੋਹਾਂ ਭਰਾਵਾਂ ਨੇ 2019 'ਚ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ। ਪਾਕਿਸਤਾਨ ਦੇ ਇਕ ਯੂ-ਟਿਊਬ ਚੈਨਲ ਨੇ ਦੋਹਾਂ ਭਰਾਵਾਂ ਨਾਲਵ ਸੰਪਰਕ ਕਰ ਕੇ ਉਨ੍ਹਾਂ ਦੀ ਗੱਲ ਕਰਵਾਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਸੁਰਖੀਆਂ ਬਟੋਰੀਆਂ ਸਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਕੋਰੋਨਾ ਵਾਇਰਸ ਨਾਲ ਸੰਕਰਮਿਤ
NEXT STORY