ਇੰਟਰਨੈਸ਼ਨਲ ਡੈਸਕ : ਲੱਖਾਂ ਕਿਲੋ ਕੂੜੇ ਦੇ ਢੇਰ ਵਿੱਚ ਜੇਕਰ ਤੁਹਾਡਾ ਕੋਈ ਸਾਮਾਨ ਗੁਆਚ ਜਾਵੇ ਤਾਂ ਕੀ ਤੁਸੀਂ ਉਸ ਦੇ ਵਾਪਸ ਮਿਲਣ ਬਾਰੇ ਸੋਚ ਸਕਦੇ ਹੋ? ਪਰ ਸ਼ਾਰਜਾਹ ਦੇ ਸਫ਼ਾਈ ਕਰਮਚਾਰੀਆਂ ਨੇ ਇੱਕ ਵਿਦੇਸ਼ੀ ਔਰਤ ਦਾ ਪਰਸ ਲੱਭ ਕੇ ਇਹ ਕਾਰਨਾਮਾ ਕਰ ਵਿਖਾਇਆ ਹੈ। ਸ਼ਾਰਜਾਹ ਵਿੱਚ ਰਹਿਣ ਵਾਲੀ ਫਿਲਪੀਨਜ਼ ਦੀ ਸਿਹਤ ਕਰਮਚਾਰੀ ਦਾ ਕਹਿਣਾ ਹੈ ਕਿ ਮੈਂ ਵੀ ਇਹ ਮੰਨ ਲਿਆ ਸੀ ਕਿ ਮੈਨੂੰ ਇਹ ਪਰਸ ਕਦੇ ਨਹੀਂ ਮਿਲੇਗਾ। ਉਹ ਕਹਿੰਦੀ ਹੈ, ਮੈਂ ਅਣਜਾਣੇ ਵਿੱਚ ਰਾਤ 10 ਵਜੇ ਪਰਸ ਅਤੇ ਚਿਪਸ ਦਾ ਖਾਲੀ ਬੈਗ ਕੂੜੇਦਾਨ ਵਿੱਚ ਸੁੱਟ ਦਿੱਤਾ। ਅਗਲੀ ਸਵੇਰ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਡਸਟਬਿਨ ਕੋਲ ਪਹੁੰਚ ਗਈ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਡਸਟਬਿਨ ਖਾਲੀ ਹੋ ਚੁੱਕਾ ਸੀ। ਮੈਂ ਰੋਣ ਲੱਗ ਪਈ, ਜਦੋਂ ਉਥੋਂ ਲੰਘ ਰਹੀ ਇੱਕ ਭਾਰਤੀ ਔਰਤ ਨੇ ਮੇਰੀ ਕਹਾਣੀ ਸੁਣੀ ਤੇ ਉਹ ਮੈਨੂੰ ਸਥਾਨਕ ਕਚਰਾ ਪ੍ਰਬੰਧਨ ਕੰਪਨੀ ਬੀਆਹ ਦੇ ਦਫ਼ਤਰ ਲੈ ਗਈ। ਉਸ ਨੇ ਕਿਹਾ ਕਿ ਮੈਂ ਕੰਪਨੀ ਦੇ ਕਰਮਚਾਰੀਆਂ ਨੂੰ ਸੁਪਰ ਹੀਰੋ ਦਾ ਨਾਂ ਦਿੰਦੀ ਹਾਂ, ਜਿਨ੍ਹਾਂ ਨੇ ਪਰਸ ਨੂੰ ਸਫਲਤਾਪੂਰਵਕ ਲੱਭਣ ਦਾ ਕੰਮ ਕੀਤਾ। ਇਹ 3 ਲੱਖ ਕਿੱਲੋ ਕੂੜੇ ਦੇ ਢੇਰ ਹੇਠਾਂ ਦੱਬਿਆ ਹੋਇਆ ਸੀ।
ਬੀਆਹ ਦੇ ਸੀਨੀਅਰ ਮੈਨੇਜਰ ਲੁਈ ਗੈਬਿਲਗਾਨ, ਜੋ ਕਿ ਘੰਟਿਆਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਸ਼ਾਮਲ ਸਨ, ਦਾ ਕਹਿਣਾ ਹੈ ਕਿ ਇਹ ਰੇਤ ਦੇ ਢੇਰ ਵਿੱਚੋਂ ਸੂਈ ਲੱਭਣ ਵਰਗਾ ਕੰਮ ਸੀ। ਇਲਾਕੇ ਮੁਤਾਬਕ ਅਸੀਂ ਉਸ ਟਰੱਕ ਦਾ ਪਤਾ ਲਗਾਇਆ ਜੋ ਡੰਪਸਟਰ ਨੂੰ ਉਦਯੋਗਿਕ ਖੇਤਰ 12 ਵਿੱਚ ਸਾਡੇ ਟ੍ਰਾਂਸਫਰ ਸਟੇਸ਼ਨ ਤੱਕ ਲੈ ਗਿਆ ਸੀ। ਫਿਰ 3 ਲੱਖ ਕਿਲੋ ਕਚਰਾ ਖਿੰਡਾਉਣ ਲਈ ਟੀਮ ਲਗਾਈ ਗਈ। ਇਹ ਕੂੜੇ ਦਾ ਇੰਨਾ ਵੱਡਾ ਢੇਰ ਸੀ ਕਿ ਸਾਨੂੰ ਕੂੜੇ ਨੂੰ ਖਿੰਡਾਉਣ ਲਈ ਕਰੇਨ ਲਗਾਉਣੀ ਪਈ। ਆਖ਼ਿਰਕਾਰ, ਉਨ੍ਹਾਂ ਵਿੱਚੋਂ ਇੱਕ ਨੇ ਪਰਸ ਲੱਭ ਲਿਆ। ਪਰਸ ਮਿਲਣ ਤੋਂ ਬਾਅਦ ਫਿਲਪੀਨਜ਼ ਦੀ ਹੈਲਥ ਵਰਕਰ ਨੇ ਕਿਹਾ ਕਿ ਇਸ ਘਟਨਾ ਨੇ ਸਫਾਈ ਕਰਮਚਾਰੀਆਂ ਪ੍ਰਤੀ ਮੇਰਾ ਸਨਮਾਨ ਵਧਾਇਆ ਹੈ। ਮੇਰੇ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਹੈ। ਉਨ੍ਹਾਂ ਨੇ ਜੋ ਕੀਤਾ ਉਹ ਸੱਚਮੁੱਚ ਸ਼ਾਨਦਾਰ ਹੈ।
ਸਿੰਗਾਪੁਰ ’ਚ ਡੈਲਟਾ ਲਹਿਰ ਨਾਲੋਂ ‘ਕਈ ਗੁਣਾ ਵੱਡੀ’ ਹੋ ਸਕਦੀ ਹੈ ਓਮੀਕ੍ਰੋਨ ਲਹਿਰ : ਸਿਹਤ ਮੰਤਰੀ
NEXT STORY