ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ.ਕੇ. ’ਚ ‘ਬਲੈਕ ਲਾਈਵਜ਼ ਮੈਟਰ’ ਦੀ ਇੱਕ ਸਰਗਰਮ ਮੈਂਬਰ ਸਾਸ਼ਾ ਜੌਹਨਸਨ ਨੂੰ ਦੱਖਣੀ ਲੰਡਨ ’ਚ ਸਿਰ ’ਚ ਗੋਲੀ ਮਾਰੀ ਗਈ ਹੈ, ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਹਸਪਤਾਲ ’ਚ ਦਾਖਲ ਹੈ। ਉਸ ਦੇ ਜ਼ਖ਼ਮੀ ਹੋਣ ਦਾ ਐਲਾਨ ਉਸ ਨਾਲ ਸਬੰਧਿਤ ਸਮੂਹ ‘ਟੇਕਿੰਗ ਦਿ ਇਨੀਸ਼ੀਏਟਿਵ ਪਾਰਟੀ’ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ। ਇਸ ਸਮੂਹ ਦੇ ਫੇਸਬੁੱਕ ਪੇਜ ਅਨੁਸਾਰ ਇਹ ਘਟਨਾ ਐਤਵਾਰ ਦੀ ਸਵੇਰੇ ਵਾਪਰੀ ਅਤੇ ਇਸ ਤੋਂ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਸਾਸ਼ਾ ਨੇ ਕਾਲੇ ਮੂਲ ਦੇ ਭਾਈਚਾਰੇ ਦੇ ਹੱਕ ’ਚ ਆਵਾਜ਼ ਉਠਾਈ ਹੈ।
ਇਸ ਤੋਂ ਇਲਾਵਾ ਉਹ ਬੀ. ਐੱਲ. ਐੱਮ. ਅਤੇ ‘ਟੇਕਿੰਗ ਦਿ ਇਨੀਸ਼ੀਏਟਿਵ ਪਾਰਟੀ’ ਦੀ ਸਰਗਰਮ ਮੈਂਬਰ ਵੀ ਹੈ। ਪਿਛਲੇ ਸਾਲ ਦੇ ਬੀ. ਐੱਲ. ਐੱਮ. ਦੇ ਵਿਰੋਧ ਪ੍ਰਦਰਸ਼ਨਾਂ ਦੇ ਦੇਸ਼ ਭਰ ’ਚ ਫੈਲਣ ਤੋਂ ਬਾਅਦ ਇਸ ਦੇ ਮਾਰਚਾਂ ਦਾ ਆਯੋਜਨ ਕਰਨ ਅਤੇ ਭੀੜ ਨੂੰ ਸੰਬੋਧਿਤ ਕਰਨ ’ਚ ਸਹਾਇਤਾ ਤੋਂ ਬਾਅਦ ਉਸ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਉਹ ਸਮਾਜ ’ਚ ਬੇਇਨਸਾਫ਼ੀ ਦੇ ਖਾਤਮੇ ਲਈ ਸਰਗਰਮੀ ਨਾਲ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਹੈ। ਜੌਹਨਸਨ ਨੇ ਕਮਿਊਨਿਟੀ ਸਹਾਇਤਾ ’ਚ ਵੀ ਕੰਮ ਕੀਤਾ ਹੈ ਅਤੇ ਆਕਸਫੋਰਡ ਬਰੁਕਸ ਯੂਨੀਵਰਸਿਟੀ ’ਚੋਂ ਸਮਾਜਿਕ ਦੇਖਭਾਲ ’ਚ ਡਿਗਰੀ ਪ੍ਰਾਪਤ ਕੀਤੀ ਹੈ।
ਇਸ ਮਾਮਲੇ ’ਚ ਮੈਟਰੋਪੋਲਿਅਨ ਪੁਲਸ ਨੇ ਗਵਾਹਾਂ ਲਈ ਅਪੀਲ ਜਾਰੀ ਕੀਤੀ ਹੈ। ਪੁਲਸ ਅਨੁਸਾਰ ਅਧਿਕਾਰੀਆਂ ਨੇ ਦੱਖਣ-ਪੂਰਬੀ ਲੰਡਨ ਦੇ ਪੈਕਹੇਮ ’ਚ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ’ਚ ਦੇਖਿਆ। ਇਹ ਮੰਨਿਆ ਜਾਂਦਾ ਹੈ ਕਿ ਗੋਲੀਬਾਰੀ ਉਸ ਘਰ ਦੇ ਆਸ-ਪਾਸ ਹੋਈ ਹੈ, ਜਿਥੇ ਇੱਕ ਪਾਰਟੀ ਚੱਲ ਰਹੀ ਸੀ। ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ, ਜਦਕਿ ਇਸ ਸਬੰਧੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਸੁੰਘ ਕੇ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਗਾ ਸਕਦੇ ਹਨ ਸਿਖਿਅਤ 'ਕੁੱਤੇ'
NEXT STORY