ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਥ ਦੀ ਖਾਤਿਰ ਆਪਣੇ ਜਿਗਰ ਦੇ ਟੁਕੜੇ ਚਾਰੇ ਸਾਹਿਬਜ਼ਾਦਿਆਂ ਦਾ ਬਲੀਦਾਨ ਦੁਨੀਆ ਦੇ ਇਤਿਹਾਸ ਦੀ ਇਕ ਵਿਲੱਖਣ ਘਟਨਾ ਹੈ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਸਰਸਾ ਨਦੀ 'ਤੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ ਵਿਚ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਦਾ ਮੈਦਾਨੇ ਜੰਗ ਵਿਚ ਸੂਰਮਗਤੀ ਪ੍ਰਾਪਤ ਕਰਨਾ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦਾ ਨੀਂਹਾਂ ਵਿਚ ਚਿਣੇ ਜਾਣਾ ਪੰਜਾਬ ਦੀ ਅਣਖ, ਚੜਦੀ ਕਲਾ ਅਤੇ ਕੁਰਬਾਨੀ ਦਾ ਇਕ ਅਜਿਹਾ ਪੰਨਾ ਹੈ, ਜਿਹਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣਾ ਅਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਕੜੀ ਤਹਿਤ ਟੀਮ ਵਾਕ 4 ਸਾਹਿਬਜ਼ਾਦੇ, ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ਼ ਵੱਲੋਂ ਲੰਡਨ ਵਿਚ ਟਾਵਰ ਬ੍ਰਿਜ ਤੋਂ ਟਰੁਫਾਲਗਰ ਸਕੇਅਰ ਤੱਕ ਪੈਦਲ ਯਾਤਰਾ ਕੀਤੀ ਗਈ, ਜਿਸ ਵਿਚ ਵੱਡੇ ਪੱਧਰ 'ਤੇ ਸੰਗਤਾਂ ਨੇ ਹਿੱਸਾ ਲਿਆ।
ਸੰਗਤਾਂ ਦਾ ਇੱਕਠ ਸਿਟੀ ਹਾਲ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ। ਸ਼ੁਰੂਆਤ ਵਿਚ ਗੁਰਪ੍ਰੀਤ ਸਿੰਘ ਤੇ ਬਿੱਟੂ ਖੰਗੂੜਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਇਸ ਕਾਰਜ ਬਾਰੇ ਪੂਰੀ ਜਾਣਕਾਰੀ ਦਿੱਤੀ। ਅਜ਼ੀਮ ਸ਼ੇਖਰ ਤੇ ਸ਼ਿੰਦਰ ਸਿੰਘ ਗਿੱਲ ਨੇ ਉਚੇਚੇ ਤੌਰ 'ਤੇ ਇਸ ਚਾਲ ਵਿਚ ਆਪਣਾ ਯੋਗਦਾਨ ਪਾਇਆ। ਵਾਕ 4 ਸਾਹਿਬਜ਼ਾਦੇ ਦੇ ਮੁਢਲੇ ਮੈਂਬਰ ਸਰਬਜੀਤ ਸਿੰਘ ਨੇ ਸੰਗਤਾਂ ਦਾ ਨਿਰਦੇਸ਼ਨ ਕੀਤਾ। ਇਹ ਚਾਲ ਟਾਵਰ ਓਫ ਲੰਡਨ ਦੇ ਉੱਪਰ ਦੀ ਹੁੰਦੀ ਹੋਈ, ਸਿਟੀ ਓਫ ਲੰਡਨ ਦੀ ਵਿਚਕਾਰੋਂ ਦੀ ਲੰਘੀ। 5 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਇਸ ਵਿਚ ਹਿੱਸਾ ਲਿਆ, ਕੁੱਲ ਮਿਲ਼ਾ ਕੇ ਇਹ ਇਕ ਪਰਿਵਾਰਿਕ ਪੱਧਰ ਦਾ ਕਾਰਜ ਸੀ ਜੋ ਦਸਮੇਸ਼ ਪਿਤਾ ਤੇ ਉਨ੍ਹਾਂ ਦੇ ਪਰਿਵਾਰ ਵੱਲ ਸਮੂਹ ਸੰਗਤਾਂ ਦੀ ਸੱਚੀ ਸ਼ਰਧਾਂਜਲੀ ਸੀ। ਇਹ ਚਾਲ ਲੰਡਨ ਦੀਆ ਇਤਿਹਾਸਿਕ ਥਾਵਾਂ ਤੋਂ ਲੰਘਦੀ ਹੋਈ ਸੇਂਟ ਪੌਲ, ਰਾਇਲ ਕੋਰਟ ਓਫ ਜਸਟਿਸ ਤੋਂ ਨਿਕਲਦੀ ਹੋਈ ਆਪਣੇ ਮਿੱਥੇ ਥਾਂ ਨਿਸ਼ਾਨੇ ਟਰਫਾਲਗਰ ਸਕੁਏਅਰ 'ਤੇ ਪੁੱਜੀ।
100 ਤੋਂ ਵੱਧ ਕੇਸਰੀ ਰੰਗ ਵਿਚ ਤਿਆਰ ਸਿੰਘ ਤੇ ਸਿੰਘਣੀਆਂ ਨੇ ਆਪਣੀ ਹਾਜ਼ਰੀ ਲਵਾਈ। ਬੱਚਿਆਂ ਨੇ ਆਪਣੇ ਸ਼ਬਦਾਂ ਵਿਚ ਆਪਣੇ ਜਜ਼ਬਾਤ ਜਾਹਰ ਕੀਤੇ। 7 ਸਾਲ ਦੇ ਜਪਨਜੋਤ ਸਿੰਘ ਨੇ ਇਕ ਸ਼ਬਦ ਨਾਲ ਆਪਣੀ ਹਾਜ਼ਰੀ ਲਵਾਈ। ਨੌਜਵਾਨਾਂ ਨੇ ਛੋਟੇ ਬੱਚਿਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਦੇਸ਼ ਪੰਜਾਬ ਦੀ ਝਲਕ ਲੰਡਨ ਵਿਚ ਦਿਖਾਈ। ਅੰਤ ਵਿਚ ਮਨਜਿੰਦਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਹਰ ਸਾਲ ਇਸ ਦਿਨ ਨੂੰ ਯਾਦਗਾਰੀ ਬਣਾਉਣ ਦਾ ਵਚਨ ਲਿਆ।
ਲੁਧਿਆਣਾ ਬੰਬ ਬਲਾਸਟ ਮਾਮਲਾ : SJF ਚੀਫ ਪੰਨੂ ਦਾ ਵੱਡਾ ਦਾਅਵਾ, ਨਹੀਂ ਹੋਈ ਮੁਲਤਾਨੀ ਦੀ ਗ੍ਰਿਫ਼ਤਾਰੀ
NEXT STORY