ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਵਲਾਇਤ ਬਾਰੇ ਅਕਸਰ ਹੀ ਕਿਹਾ ਜਾਂਦਾ ਹੈ ਕਿ "ਜਾਂ ਵਲਾਇਤ ਨੰਗ ਦੀ, ਜਾਂ ਵਲਾਇਤ ਢੰਗ ਦੀ"। ਇਹ ਕਥਨ ਉਦੋਂ ਸੱਚ ਹੁੰਦਾ ਪ੍ਰਤੀਤ ਹੋਇਆ ਜਦੋਂ 53 ਸਾਲਾ ਪੰਜਾਬਣ ਨਰਿੰਦਰ ਕੌਰ ਉਰਫ ਨੀਨਾ ਥਿਆੜਾ ਨੂੰ ਅੱਧਾ ਮਿਲੀਅਨ ਪੌਂਡ ਦੀ ਠੱਗੀ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ। ਨੰਗਪੁਣਾ ਇਹ ਕਿ ਉਸਨੇ ਸਟੋਰਾਂ ਨੂੰ ਉਹ ਚੀਜ਼ਾਂ ਲਈ ਰਿਫੰਡ ਕਰਵਾ ਕੇ ਠੱਗੀ ਦਾ ਟੀਕਾ ਲਾਇਆ, ਜੋ ਉਸਨੇ ਕਦੇ ਖ਼ਰੀਦੀਆਂ ਹੀ ਨਹੀਂ ਸਨ। ਢੰਗਪੁਣਾ ਇਹ ਕਿ ਨਰਿੰਦਰ ਕੌਰ ਉਰਫ ਨੀਨਾ ਥਿਆੜਾ ਸਟੋਰਾਂ 'ਚੋਂ ਉਹਨਾਂ ਦੀਆਂ ਅਣਖਰੀਦੀਆਂ ਵਸਤਾਂ ਹੀ ਰੀਫੰਡ ਕਰਵਾ ਕੇ ਵਕਤੀ ਤੌਰ 'ਤੇ ਅਮੀਰ ਹੋਣ ਦਾ ਸੁਫ਼ਨਾ ਪਾਲ ਲੈਂਦੀ ਸੀ। ਬਰਤਾਨੀਆ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਹੋਈ ਥੂਹ-ਥੂਹ ਇਸ ਗੱਲ ਦਾ ਪ੍ਰਮਾਣ ਹੈ ਕਿ "ਚੋਰ ਨੂੰ ਖਾਂਦੇ ਨੂੰ ਨਾ ਦੇਖੀਏ, ਚੋਰ ਦੇ ਛਿਤਰੌਲ ਹੁੰਦੀ ਦੇਖੀਏ"। ਇਸ ਕਥਨ ਨੂੰ ਵੀ ਨਰਿੰਦਰ ਕੌਰ ਨੇ ਖੁਦ ਹੀ ਸੱਚ ਸਾਬਿਤ ਕਰ ਦਿੱਤਾ ਹੈ। ਅਖ਼ਬਾਰਾਂ ਵੱਲੋਂ ਇਸ ਸ਼ੇਰਨੀ ਪੰਜਾਬਣ ਬਾਰੇ ਚਸਕੇ ਲੈ ਲੈ ਕੀਤੀਆਂ ਟਿੱਪਣੀਆਂ ਮਿਲਣ ਵਾਲੀ ਸਜ਼ਾ ਨਾਲੋਂ ਵੀ ਵਧੇਰੇ ਤਕਲੀਫਦੇਹ ਸਾਬਤ ਹੋਣਗੀਆਂ। ਵਿਲਟਸ਼ਾਇਰ ਦੀ ਰਹਿਣ ਵਾਲੀ 53-ਸਾਲਾ ਨਰਿੰਦਰ ਕੌਰ ਨੇ ਧੋਖਾਧੜੀ ਨਾਲ ਰਿਫੰਡ ਦਾ ਦਾਅਵਾ ਕਰਨ ਦੀ ਠੱਗੀ ਨੂੰ ਹੀ 'ਆਪਣਾ ਪੂਰਾ-ਸਮੇਂ ਦਾ ਕੈਰੀਅਰ ਬਣਾ ਲਿਆ' ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਇੱਕੋ ਨੌਜਵਾਨ ਨਾਲ ਸੱਸ-ਨੂੰਹ ਨੂੰ ਹੋਇਆ ਪਿਆਰ, ਝਗੜੇ ਮਗਰੋਂ ਸੱਸ ਨੇ ਗੋਲੀ ਮਾਰ ਕੇ ਕੀਤਾ ਨੂੰਹ ਦਾ ਕਤਲ
ਉਸ ਨੇ ਚਾਰ ਸਾਲਾਂ ਦੌਰਾਨ 1,000 ਤੋਂ ਵੱਧ ਵਾਰ ਦੁਕਾਨਾਂ ਨਾਲ ਧੋਖਾਧੜੀ ਕੀਤੀ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਅਨੁਸਾਰ ਨਰਿੰਦਰ ਕੌਰ ਨੂੰ ਸੀਸੀਟੀਵੀ 'ਤੇ ਸਟੋਰਾਂ ਵਿੱਚ ਦਾਖ਼ਲ ਹੁੰਦੇ ਹੋਏ, ਸ਼ੈਲਫਾਂ ਤੋਂ ਚੀਜ਼ਾਂ ਨੂੰ ਹਟਾਉਂਦੇ ਹੋਏ ਅਤੇ ਉਨ੍ਹਾਂ ਨੂੰ ਟਿਲ ਤੱਕ ਲਿਜਾਂਦੇ ਹੋਏ ਅਤੇ ਇਹ ਦਿਖਾਉਂਦੇ ਹੋਏ ਦੇਖਿਆ ਗਿਆ ਸੀ ਕਿ ਉਸਨੇ ਉਨ੍ਹਾਂ ਨੂੰ ਪਹਿਲਾਂ ਖ਼ਰੀਦਿਆ ਸੀ। ਉਸ ਦੇ ਖਾਤਿਆਂ ਦੀ ਜਾਂਚ ਨੇ ਸਾਬਤ ਕੀਤਾ ਹੈ ਕਿ ਉਸਨੇ ਸੈਂਕੜੇ ਵਾਰ ਅਜਿਹਾ ਕੀਤਾ ਸੀ। ਇੱਕ ਜਾਂਚ ਵਿੱਚ ਪਾਇਆ ਗਿਆ ਕਿ ਉਸਨੇ ਯੂਕੇ ਵਿੱਚ ਡਡਲੇ, ਸਮੈਥਵਿਕ, ਡਰਾਇਟਵਿਚ ਅਤੇ ਕਿਡਰਮਿੰਸਟਰ ਦੇ ਬੂਟਸ ਸਟੋਰਾਂ ਦਾ ਦੌਰਾ ਕੀਤਾ, ਜਿੱਥੇ ਉਸਨੇ ਸਿਰਫ਼ £5,172 ਖਰਚਣ ਦੇ ਬਾਵਜੂਦ ਬੂਟਸ ਸਟੋਰਾਂ ਤੋਂ £60,787 ਰਿਫੰਡ ਪ੍ਰਾਪਤ ਕੀਤੇ। ਡੇਬੇਨਹੈਮਸ ਸਟੋਰਾਂ 'ਚ ਸਿਰਫ਼ £3,681 ਖਰਚਣ ਦੇ ਬਾਵਜੂਦ £42,853.65 ਰਿਫੰਡ ਵਜੋਂ ਲਏ ਸਨ।
ਇਹ ਵੀ ਪੜ੍ਹੋ: ਖੋਜ 'ਚ ਖ਼ੁਲਾਸਾ: ਟਾਇਲਟ ਸੀਟ ਨਾਲੋਂ 40,000 ਗੁਣਾ ਜ਼ਿਆਦਾ ਗੰਦੀ ਹੁੰਦੀ ਹੈ ਦੁਬਾਰਾ ਵਰਤੀ ਜਾਣ ਵਾਲੀ ਪਾਣੀ ਦੀ ਬੋਤਲ
ਉਸਨੇ ਬਰਮਿੰਘਮ ਅਤੇ ਟੈਮਵਰਥ ਸਮੇਤ ਸਟੋਰਾਂ 'ਤੇ ਜਾ ਕੇ ਜੌਨ ਲੁਈਸ ਨੂੰ ਵੀ ਧੋਖਾ ਦਿੱਤਾ। ਨਰਿੰਦਰ ਕੌਰ ਨੇ ਰਿਫੰਡ ਵਿੱਚ £33,131 ਪ੍ਰਾਪਤ ਕੀਤੇ ਪਰ ਸਿਰਫ਼ £5,290 ਖ਼ਰਚ ਕੀਤੇ। ਅਦਾਲਤੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਨਰਿੰਦਰ ਕੌਰ ਨੇ ਟੈਲਫੋਰਡ ਅਤੇ ਸ਼੍ਰੇਅਸਬਰੀ ਸਥਿਤ ਮਾਨਸੂਨ ਸਟੋਰਾਂ ਵਿੱਚ ਖਰੀਦਦਾਰੀ ਲਈ ਕੀਤੇ ਗਏ ਭੁਗਤਾਨਾਂ ਨਾਲੋਂ £23,000 ਜ਼ਿਆਦਾ ਰਿਫੰਡ ਹਾਸਲ ਕੀਤਾ। ਉਸਨੇ £2,853 ਖਰਚ ਕੇ, £23,147 ਰਿਫੰਡ ਦਾ ਦਾਅਵਾ ਕਰਦਿਆਂ ਹਾਊਸ ਆਫ ਫਰੇਜ਼ਰ ਸਟੋਰਾਂ ਨੂੰ ਨਿਸ਼ਾਨਾ ਬਣਾਇਆ। ਧੋਖਾਧੜੀ ਲਈ ਨਰਿੰਦਰ ਕੌਰ ਦੀ ਪਹਿਲੀ ਪਸੰਦ ਬਰਮਿੰਘਮ ਦੇ ਸਟੋਰ ਰਹੇ। ਨਰਿੰਦਰ ਕੌਰ ਨੇ ਸਟੈਫੋਰਡ, ਸ਼੍ਰੇਅਸਬਰੀ, ਕੈਨੌਕ, ਸੋਲੀਹੱਲ ਅਤੇ ਵਰਸੇਸਟਰ ਵਿੱਚ ਹੋਮਸੇਂਸ ਸਟੋਰਾਂ ਨਾਲ ਧੋਖਾਧੜੀ ਕੀਤੀ। ਉੱਥੇ ਉਸਨੇ ਸਿਰਫ਼ £1,181 ਖਰਚ ਕੀਤੇ ਪਰ ਰਿਫੰਡ ਵਿੱਚ £19,540 ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ: ਭੂਚਾਲ ਮਗਰੋਂ ਤੁਰਕੀ 'ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ
ਟੀਕੇਮੈਕਸ ਨਾਲ £14,563 ਦੀ ਧੋਖਾਧੜੀ ਕੀਤੀ ਗਈ, ਜਦੋਂ ਕਿ ਉਸਨੇ ਹੋਮਬੇਸ ਨੂੰ £3,238 ਦਾ ਧੋਖਾ ਦਿੱਤਾ। ਨਰਿੰਦਰ ਕੌਰ ਨੇ ਵਿਲਟਸ਼ਾਇਰ ਕੌਂਸਲ ਨੂੰ ਵੀ ਨਹੀਂ ਬਖਸ਼ਿਆ ਤੇ £7,400 ਦੀ ਧੋਖਾਧੜੀ ਕੀਤੀ। ਉਸਨੇ ਕਾਉਂਸਿਲ ਤੋਂ ਰਿਫੰਡ ਮੰਗਣ ਤੋਂ ਪਹਿਲਾਂ ਸੇਵਾਵਾਂ ਲਈ ਭੁਗਤਾਨ ਕਰਨ ਲਈ ਚੋਰੀ ਕੀਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ। ਰਿਫੰਡ ਲੈਣ ਲਈ ਉਸਦਾ ਦਾਅਵਾ ਸੀ ਕਿ ਭੁਗਤਾਨ ਕਰਨ ਵੇਲੇ ਉਸ ਕੋਲੋਂ ਰਾਸ਼ੀ ਨਾਲ ਗਲਤੀ ਨਾਲ ਜ਼ਿਆਦਾ ਜ਼ੀਰੋ ਲੱਗ ਗਈਆਂ ਸਨ। ਕਿਹਾ ਜਾ ਰਿਹਾ ਹੈ ਕਿ ਘੁਟਾਲੇ ਵਿੱਚ ਇੱਕ ਪੁਰਸ਼ ਸਾਥੀ ਵੀ ਸ਼ਾਮਲ ਸੀ ਜਿਸ ਨੇ ਆਪਣੇ ਹੀਟਿੰਗ ਆਇਲ ਸਪਲਾਇਰ ਨੂੰ ਭੁਗਤਾਨ ਕਰਨ ਲਈ ਚੋਰੀ ਕੀਤੇ ਬੈਂਕ ਕਾਰਡ ਵੇਰਵਿਆਂ ਦੀ ਵਰਤੋਂ ਕਰਨ ਵਿੱਚ ਉਸਦੀ ਮਦਦ ਕੀਤੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਨਰਿੰਦਰ ਕੌਰ ਨੇ ਅਦਾਲਤ ਵਿੱਚ ਝੂਠ ਬੋਲਿਆ ਅਤੇ ਅਪਰਾਧਾਂ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਚਣ ਅਤੇ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਲਈ ਇੱਕ ਜਾਅਲੀ ਦਸਤਾਵੇਜ਼ ਪੇਸ਼ ਕੀਤਾ। ਜਦੋਂ ਪੁਲਸ ਨੇ ਸਬੂਤ ਲਈ ਇਸਦੀ ਜਾਂਚ ਕੀਤੀ ਤਾਂ ਚੋਰੀ ਦੇ ਸਮਾਨ ਦੇ ਨਾਲ ਉਸਦੇ ਘਰ ਵਿੱਚ ਲੁਕੋਈ ਲਗਭਗ £150,000 ਦੀ ਨਕਦੀ ਵੀ ਮਿਲੀ ਹੈ।
ਇਹ ਵੀ ਪੜ੍ਹੋ: 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਾਣੋ ਕੈਨੇਡਾ ਸਰਕਾਰ ਨੇ ਕਿਵੇਂ ਫੜਿਆ ਫਰਜ਼ੀਵਾੜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲੀਬੀਆ 'ਚ 2.5 ਟਨ ਕੁਦਰਤੀ ਯੂਰੇਨੀਅਮ ਗਾਇਬ, ਮਾਹਿਰਾਂ ਦੀ ਚਿੰਤਾ ਵਧੀ
NEXT STORY