ਹਰਪ੍ਰੀਤ ਸਿੰਘ ਕਾਹਲੋਂ
ਜਦੋਂ ਧਰਤੀ ਦੇ ਇਕ ਹਿੱਸੇ ਦੇ ਲੋਕ ਕੋਰੋਨਾ ਦੇ ਨਾਮ ’ਤੇ ਮਜ਼੍ਹਬੀ ਲੜਾਈਆਂ ਲੜ ਰਹੇ ਹਨ। ਇੰਜ ਕਰਦਿਆਂ ਉਹ ਪ੍ਰਵਾਸੀ ਭਾਰਤੀਆਂ ਨੂੰ, ਤਬਲੀਗੀਆਂ ਨੂੰ ਅਤੇ ਤਾਜ਼ਾ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਬਦਨਾਮ ਕਰ ਰਹੇ ਹਨ।
ਕੈਲੀਫੋਰਨੀਆ ਦੇ 7940 ਮਿਸ਼ਨ ਬਿਲਵਡ ਰਿਵਰਸਾਈਡ ਗੁਰਦੁਆਰੇ ਵਿਖੇ ਰੋਜ਼ਾਨਾ 2500 ਤੋਂ ਲੈ ਕੇ 4000 ਸੰਗਤਾਂ ਦਾ ਲੰਗਰ ਤਿਆਰ ਹੋ ਰਿਹਾ ਹੈ।
ਯੂਨਾਈਟਿਡ ਸਿੱਖ ਮਿਸ਼ਨ ਵਲੋਂ ਤਿਆਰ ਕੀਤੇ ਇਸ ਲੰਗਰ ਬਾਰੇ ਦੱਸਣਾ ਜ਼ਰੂਰ ਇਸ ਲਈ ਹੈ, ਕਿਉਂਕਿ ਇਹ ਲੰਗਰ ਗੁਰਾਂ ਦੇ ਫਲਸਫੇ 'ਸਭੈ ਸਾਂਝੀਵਾਲ ਸਦਾਇਣ ਕੋਈ ਨਾ ਦਿਸੈ ਬਾਹਰਾ ਜੀਓ' ਦੀ ਭਾਵਨਾ ਨਾਲ ਪ੍ਰਨਾਇਆ ਹੋਇਆ ਹੈ।
ਯੂਨਾਈਟਡ ਸਿੱਖ ਮਿਸ਼ਨ ਦੇ ਸਰਪ੍ਰਸਤ ਰਛਪਾਲ ਸਿੰਘ ਢੀਂਡਸਾ ਦੱਸਦੇ ਨੇ ਕਿ ਕੋਰੋਨਾ ਦੇ ਇਸ ਸਮੇਂ ਜਿਹੋ ਜਿਹੇ ਹਾਲਾਤ ਬਣੇ, ਉਹਨੂੰ ਧਿਆਨ ਵਿਚ ਰੱਖਦਿਆਂ ਲੰਗਰ ਗੁਰਦੁਆਰੇ ਦੇ ਸਾਹਮਣੇ ਵਾਲੀ ਥਾਂ ਤੇ ਰੋਜ਼ਾਨਾ ਤਿਆਰ ਕੀਤਾ ਜਾਂਦਾ ਹੈ। ਇਸ ਲੰਗਰ ਨੂੰ ਤਿਆਰ ਕਰਨ ਲਈ ਰੋਜ਼ਾਨਾ ਯੂਨਾਈਟਿਡ ਸਿੱਖ ਮਿਸ਼ਨ ਦੇ ਨਾਲ ਸੇਵਾ ਕਰਨ ਲਈ ਕੈਲੀਫੋਰਨੀਆ ਰਹਿੰਦੇ ਗੁਜਰਾਤੀ ਮਲਿਆਲਮ ਅਤੇ ਬੰਗਾਲੀ ਭਾਈਚਾਰੇ ਦੇ ਲੋਕ ਸਿੱਖ ਸੰਗਤਾਂ ਨਾਲ ਮਿਲ ਕੇ ਸ਼ਾਮਲ ਹੋਏ ਹਨ। ਇੰਜ ਲੰਗਰ ਨੂੰ ਤਿਆਰ ਕਰਨ ਲਈ ਸਿੱਖਾਂ ਦੇ ਨਾਲ ਹਿੰਦੂ ਅਤੇ ਮੁਸਲਮਾਨਾਂ ਦੀ ਸੇਵਾ ਵੀ ਸ਼ਾਮਲ ਹੈ।
ਰਛਪਾਲ ਸਿੰਘ ਕਹਿੰਦੇ ਹਨ ਕਿ ਸੇਵਾ ਵਿਚ ਉਂਝ ਤਾਂ ਕਿਸੇ ਦਾ ਧਰਮ ਨਹੀਂ ਵੇਖਿਆ ਜਾਂਦਾ ਪਰ ਇਹ ਅਸੀਂ ਇਸ ਲਈ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਦੁਨੀਆਂ ਦੇ ਕਈ ਹਿੱਸਿਆਂ ਵਿਚ ਕੋਰੋਨਾ ਸੰਕਟ ਦੇ ਵੇਲੇ ਲੋਕ ਧਰਮ ਦੇ ਨਾਮ ’ਤੇ ਲੜ ਰਹੇ ਹਨ। ਸਾਡੇ ਲਈ ਇਹ ਵੱਡੀ ਗੱਲ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਪ੍ਰਣਾਏ 23 ਮਾਰਚ ਤੋਂ ਲਗਾਤਾਰ ਸੇਵਾ ਕਰ ਰਹੇ ਹਾਂ।
ਯੂਨਾਈਟਿਡ ਸਿੱਖ ਮਿਸ਼ਨ ਹੁਣ ਤੱਕ 90 ਹਜ਼ਾਰ ਲੋੜਵੰਦਾਂ ਲਈ ਲੰਗਰ ਤਿਆਰ ਕਰ ਚੁੱਕੀ ਹੈ। ਰਿਵਰਸਾਈਡ ਦੇ ਗੁਰਦੁਆਰੇ ਦੇ ਸਾਹਮਣੇ ਰੋਜ਼ਾਨਾ ਸਵੇਰੇ 11.30 ਵਜੇ ਤੋਂ 700 ਦੇ ਲੱਗਭਗ ਪੈਕਡ ਲੰਗਰ ਵੰਡਿਆ ਜਾ ਰਿਹਾ ਹੈ। ਇਹੋ ਸ਼ਨਿੱਚਰਵਾਰ ਅਤੇ ਐਤਵਾਰ ਗਿਣਤੀ 2 ਹਜ਼ਾਰ ਤੋਂ ਵੱਧ ਹੋ ਜਾਂਦੀ ਹੈ।
ਰਛਪਾਲ ਸਿੰਘ ਢੀਂਡਸਾ ਮੁਤਾਬਕ ਇਸ ਤੋਂ ਇਲਾਵਾ ਕੈਲੀਫੋਰਨੀਆ ਦੇ 3 ਹਸਪਤਾਲਾਂ ਵਿਚ ਵੀ ਰੋਜ਼ਾਨਾ ਲੰਗਰ ਪਹੁੰਚਾਇਆ ਜਾ ਰਿਹਾ ਹੈ।
ਹਾਮੋਨਾ ਵੈਲੀ ਹਸਪਤਾਲ : 1500
ਰਿਵਰਸਾਈਡ ਕਮਿਊਨਿਟੀ ਹਸਪਤਾਲ : 500
ਮਰੀਨੋ ਵੈਲੀ ਹਸਪਤਾਲ : 300
ਸਰਦਾਰ ਢੀਂਡਸਾ ਮੁਤਾਬਕ ਇਸ ਦੇ ਨਾਲ ਹੀ ਹਰ ਤੀਜੇ ਦਿਨ ਹਰੂਪਾ ਵੈਲੀ ਵਿਖੇ ਸੀਨੀਅਰ ਸਿਟੀਜ਼ਨਾਂ ਦੇ ਹੋਮ ਵਿਚ 1000 ਬਜ਼ੁਰਗਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਹੈ। ਲੰਗਰ ਦਾ ਪ੍ਰਬੰਧ ਰੋਜ਼ਾਨਾ ਆਪਣੇ ਅਨੁਸ਼ਾਸਨ ਮੁਤਾਬਕ ਚੱਲਦਾ ਹੈ। ਲੰਗਰ ਤਿਆਰ ਕਰਨ ਲਈ ਪੱਕੇ ਰਸੋਈਏ ਰੱਖੇ ਹੋਏ ਹਨ ਅਤੇ ਬਾਕੀ ਦੀ ਡਿਲੀਵਰੀ ਯੂਨਾਈਟਿਡ ਸਿੱਖ ਮਿਸ਼ਨ ਨਾਲ ਮਿਲਕੇ ਸਮੂਹ ਭਾਈਚਾਰਾ ਕਰਦਾ ਹੈ ਜੋ ਸਵੇਰੇ 10 ਵਜੇ ਤੋਂ ਲੈਕੇ ਰੋਜ਼ਾਨਾ ਸੇਵਾ ਕਰ ਰਹੇ ਹਨ।
ਇਹ ਲੰਗਰ ਇਸ ਵੇਲੇ 99 ਫੀਸਦੀ ਸਥਾਨਕ ਗ਼ੈਰ ਪੰਜਾਬੀ ਭਾਈਚਾਰੇ ਵਿਚ ਵੰਡਿਆ ਜਾ ਰਿਹਾ ਹੈ, ਜਿਸ ਵਿਚ ਇੱਥੋਂ ਦੇ ਵਸਨੀਕ ਹਨ। ਰਸ਼ਪਾਲ ਸਿੰਘ ਮੁਤਾਬਕ ਸਿੱਖ ਭਾਈਚਾਰੇ ਵਿਚ ਫਿਲਹਾਲ ਆਪੋ ਆਪਣੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਹਰ ਸ਼ਨਿਚਰਵਾਰ ਐਤਵਾਰ ਲੰਗਰ ਦੇ ਨਾਲ ਗ੍ਰੋਸਰੀ ਵੀ ਵੰਡੀ ਜਾ ਰਹੀ ਹੈ। ਦੁੱਧ ਫਲ ਚੋਲ ਬ੍ਰੈੱਡ ਅਤੇ ਰਾਜਮਾਂਹ ਦੀਆਂ ਤਿਆਰ ਕਿੱਟਾਂ 1000 ਤੋਂ ਲੈ ਕੇ 1500 ਹਰ ਹਫਤੇ ਵੰਡੀਆਂ ਜਾ ਰਹੀਆਂ ਹਨ। ਹੁਣ ਤੱਕ 8000 ਗਰੋਸਰੀ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ।
ਯੂਨਾਈਟਿਡ ਸਿੱਖ ਮਿਸ਼ਨ
ਯੂਨਾਈਟਿਡ ਸਿੱਖ ਮਿਸ਼ਨ ਦੀ ਸਥਾਪਨਾ 2005 ਵਿਚ ਹੋਈ। ਯੂਨਾਈਟਿਡ ਸਿੱਖ ਮਿਸ਼ਨ ਨੇ ਫਿਰਕੂ ਮਾਹੌਲ ਦੇ ਖਿਲਾਫ ਇਨਸਾਨੀਅਤ ਦੀਆਂ ਪਛਾਣਾਂ ਨੂੰ ਗੂੜ੍ਹਾ ਕਰਨ ਲਈ ਕੰਮ ਕੀਤਾ ਹੈ।
9/11 ਦੇ ਅਮਰੀਕੀ ਹਾਦਸੇ ਤੋਂ ਬਾਅਦ ਇਹ ਯੂਨਾਈਟਡ ਸਿੱਖ ਮਿਸ਼ਨ ਹੀ ਸੀ, ਜਿੰਨੇ ਵੱਡੇ ਪੱਧਰ ’ਤੇ ਇਹ ਮੁਹਿੰਮ ਵਿੱਢੀ ਕਿ ਓਸਾਮਾ ਬਿਨ ਲਾਦੇਨ ਦੇ ਨਾਮ ’ਤੇ ਕਿਸੇ ਵੀ ਮੁਸਲਮਾਨ ਜਾਂ ਸਿੱਖਾਂ ਖਿਲਾਫ ਨਫ਼ਰਤ ਦਾ ਵਰਤਾਓ ਨਾ ਕੀਤਾ ਜਾਵੇ।
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵੀ ਯੂਨਾਈਟਿਡ ਸਿੱਖ ਮਿਸ਼ਨ ਦਾ ਨਾਮ ਉਚੇਚਾ ਸ਼ਾਮਲ ਹੈ। ਇਹ ਯੂਨਾਈਟਿਡ ਸਿੱਖ ਮਿਸ਼ਨ ਹੀ ਸੀ, ਜਿੰਨੇ ਅਮਰੀਕੀ ਰਾਜਦੂਤ ਜਾਨ ਮੈਕਡੋਨਲਡ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਵੱਲ ਧਿਆਨ ਦਵਾ ਅਤੇ ਦੁਵੱਲੀ ਗੱਲਬਾਤ ਵਿਚ ਲਾਂਘੇ ਦੇ ਨਕਸ਼ੇ ਨੂੰ ਪੇਸ਼ ਕੀਤਾ।
ਯੂਨਾਈਟਿਡ ਸਿੱਖ ਮਿਸ਼ਨ ਨੇ ਧਾਰਮਿਕ ਸਦਭਾਵਨਾ ਲਈ 5 ਲੱਖ ਦਰਸ਼ਕਾਂ ਵਿਚ ਕੱਢੀ ਜਾਣ ਵਾਲੀ ਹਰ ਸਾਲ 1 ਜਨਵਰੀ ਨੂੰ ਰੋਜ਼ ਪਰੇਡ ਵਿਚ ਸਿੱਖ ਧਰਮ ਦੇ ਸੇਵਾ ਕਾਰਜਾਂ ਦੀ ਝਾਕੀ ਪੇਸ਼ ਕੀਤੀ। ਪੈਸਾਡੀਨਾ ਸ਼ਹਿਰ ਵਿਚ ਕੱਢੀ ਜਾਣ ਵਾਲੀ 119 ਵੀਂ ਪਰੇਡ ਨੂੰ ਉਸ ਸਮੇਂ 120 ਮਿਲੀਅਨ ਲੋਕਾਂ ਨੇ ਟੈਲੀਵਿਜ਼ਨ ’ਤੇ ਲਾਈਵ ਵੇਖਿਆ।
"ਯੂਨਾਈਟਿਡ ਸਿੱਖ ਮਿਸ਼ਨ ਵਲੋਂ ਕੀਤੇ ਕਾਰਜਾਂ ਵਿਚੋਂ ਕੋਰੋਨਾ ਮਹਾਮਾਰੀ ਦੇ ਇਸ ਭਾਰੀ ਸਮੇਂ ਦੌਰਾਨ ਕੀਤੀ ਸੇਵਾ ਵੀ ਸਮੂਹ ਭਾਈਚਾਰੇ ਦਾ ਯਾਦਗਾਰ ਕਾਰਜ ਹੈ। ਇਸ ਸੇਵਾ ਵਿਚ ਹਿੰਦੂ ਸਿੱਖ ਅਤੇ ਮੁਸਲਮਾਨ ਵੀ ਸ਼ਾਮਲ ਹਨ ਦਿਲ ਨੂੰ ਤਸੱਲੀ ਹੈ ਕਿ ਇਹੋ ਇਨਸਾਨੀਅਤ ਦੀ ਇਬਾਦਤ ਹੈ।" - ਰਛਪਾਲ ਸਿੰਘ ਢੀਂਡਸਾ-ਮੁਖੀ, ਯੂਨਾਈਟਿਡ ਸਿੱਖ ਮਿਸ਼ਨ
ਅਮਰੀਕਾ 'ਚ ਸ਼ੱਕੀ ਕੋਵਿਡ-19 ਨਾਲ ਪੀੜਤ 64 ਬੱਚੇ ਹਸਪਤਾਲ 'ਚ ਭਰਤੀ
NEXT STORY