ਵਾਸ਼ਿੰਗਟਨ (ਏਜੰਸੀ)— ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਨਵੀਂ ਪੀੜ੍ਹੀ ਨੂੰ ਅਸੀਂ ਕੁਝ ਸਿਖਾ ਸਕੀਏ। ਕਿਤਾਬਾਂ ਮਨੁੱਖ ਦੀਆਂ ਚੰਗੀਆਂ ਦੋਸਤ ਹੁੰਦੀਆਂ ਹਨ। ਸਾਡਾ ਪੰਜਾਬੀ ਸਾਹਿਤ ਜਿਸ 'ਚ ਨਾਵਲ, ਕਹਾਣੀਆਂ ਅਤੇ ਲੇਖ ਹਨ ਜੋ ਵੱਖ-ਵੱਖ ਸਾਹਿਤਕਾਰਾਂ ਅਤੇ ਲੇਖਕਾਂ ਵੱਲੋਂ ਲਿਖੇ ਗਏ ਹਨ। ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਅਮਰੀਕਾ 'ਚ ਰਹਿੰਦੇ ਭਾਰਤੀ ਅਤੇ ਸਾਊਥ ਏਸ਼ੀਅਨ ਮੂਲ ਦੇ ਮਾਪਿਆਂ ਨੂੰ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦਾ ਬੱਚਾ ਪੰਜਾਬੀ ਮਾਂ ਬੋਲੀ ਸਿੱਖਣ ਤੋਂ ਵਾਂਝਾ ਹੀ ਨਾ ਰਹਿ ਜਾਵੇ।

ਕੁਝ ਅਜਿਹੀ ਹੀ ਚਿੰਤਾ ਸੀ ਅਮਰੀਕਾ ਵਿਚ ਰਹਿੰਦੀ ਪੰਜਾਬਣ ਗੁਰਮੀਤ ਕੌਰ ਨੂੰ। ਗੁਰਮੀਤ ਕੌਰ ਨੂੰ ਚਿੰਤਾ ਸੀ ਕਿ ਉਹ ਆਪਣੇ ਪੁੱਤਰ ਨੂੰ ਪੰਜਾਬੀ ਭਾਸ਼ਾ ਨਾਲ ਕਿਵੇਂ ਜੋੜ ਸਕਦੀ ਹੈ, ਜਿਸ ਨੂੰ ਉਹ ਸਕੂਲ 'ਚ ਵਰਤਦਾ ਹੀ ਨਹੀਂ। ਇਹ ਉਸ ਲਈ ਇਕ ਚੁਣੌਤੀ ਵਾਂਗ ਸੀ ਕਿ ਕਿਵੇਂ ਉਹ ਬੱਚਿਆਂ ਲਈ ਪੰਜਾਬੀ ਵਿਚ ਸਾਹਿਤ ਨੂੰ ਲੱਭੇਗੀ। ਪੰਜਾਬੀ ਮਾਂ ਬੋਲੀ ਪ੍ਰਤੀ ਉਸ ਦੇ ਪਿਆਰ ਅਤੇ ਜਨੂੰਨ ਨੇ ਕੁਝ ਵੱਖਰਾ ਕਰਨ ਦੀ ਸੋਚੀ। ਗੁਰਮੀਤ ਕੌਰ ਨੇ ਪੰਜਾਬੀ ਲੋਕ ਕਥਾਵਾਂ, ਕਹਾਣੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।

ਗੁਰਮੀਤ ਕੌਰ ਨੇ ਲੋਕ ਕਥਾਵਾਂ ਨੂੰ ਇਕੱਠਾ ਕੀਤਾ, ਵੱਡੇ ਪੱਧਰ 'ਤੇ ਪੰਜਾਬੀ ਸਾਹਿਤ ਦੀ ਖੋਜ ਕੀਤੀ। ਬਕਾਇਦਾ ਬੱਚਿਆਂ ਲਈ ਅੰਗਰੇਜ਼ੀ ਅਤੇ ਪੰਜਾਬੀ ਕਹਾਣੀਆਂ ਨੂੰ ਗੁਰਮੁੱਖੀ ਵਿਚ ਪ੍ਰਕਾਸ਼ਿਤ ਕਰਵਾਇਆ। ਗੁਰਮੀਤ ਨੇ ਇਸ ਲਈ ਵੈੱਬਸਾਈਟ ਅਤੇ ਫੇਸਬੁੱਕ ਪੇਜ ਵੀ ਬਣਾਇਆ ਹੈ। ਇਸ 'ਤੇ ਉਸ ਨੇ ਪੰਜਾਬੀ ਭਾਸ਼ਾ 'ਚ ਸ਼ਾਨਦਾਰ ਲੋਕ ਕਥਾਵਾਂ ਅਤੇ ਕਹਾਣੀਆਂ ਨੂੰ ਪੋਸਟ ਕੀਤਾ ਹੈ। ਇਸ ਕੰਮ ਨੂੰ ਕਰਦਿਆਂ ਉਸ ਨੂੰ 5 ਸਾਲ ਹੋ ਗਏ ਹਨ ਅਤੇ ਉਸ ਨੇ ਦੋ-ਭਾਸ਼ੀ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਵਾਇਆ। ਉਹ ਛੋਟੇ ਜਿਹੇ ਸਮੇਂ ਵਿਚ 2700 ਕਿਤਾਬਾਂ ਦੀਆਂ ਕਾਪੀਆਂ ਪ੍ਰਕਾਸ਼ਿਤ ਕਰਵਾ ਚੁੱਕੀ ਹੈ, ਜਿਸ ਨੂੰ ਅਮਰੀਕਾ 'ਚ ਦੂਜੀ ਜਮਾਤ ਦੇ ਬੱਚੇ ਪੜ੍ਹ ਰਹੇ ਹਨ। ਪੰਜਾਬੀ ਨਾਲ ਮੋਹ ਪਿਆਰ ਅਤੇ ਭਾਸ਼ਾ ਨੂੰ ਜਿਊਂਦਾ ਰੱਖਣ ਲਈ ਗੁਰਮੀਤ ਕੌਰ ਦਾ ਇਹ ਕਦਮ ਸ਼ਲਾਘਾਯੋਗ ਹੈ।
17 ਸਾਲਾ ਨੌਜਵਾਨ ਦਾ ਟਰੰਪ ਨੂੰ ਚਿੜਾਉਣ ਦਾ ਵੀਡੀਓ ਵਾਇਰਲ
NEXT STORY