ਟੋਰਾਂਟੋ— ਫੈਡਰਲ ਵਿੱਤ ਮੰਤਰੀ ਬਿੱਲ ਮੌਰਨਿਊ ਓਟਵਾ ਵਿੱਚ ਅਮਰੀਕਾ ਦੇ ਖਜ਼ਾਨਾ ਮੰਤਰੀ ਸਟੀਵ ਨੂਚਿਨ ਨਾਲ ਮੁਲਾਕਾਤ ਕਰਨਗੇ ਅਤੇ ਇਸ ਮੌਕੇ ਉਹ ਵਪਾਰ, ਟੈਕਸਾਂ ਤੇ ਬੁਨਿਆਦੀ ਢਾਂਚੇ ਬਾਰੇ ਗੱਲਬਾਤ ਕਰਨਗੇ।ਆਪਣੀ ਪਹਿਲੀ ਕੈਨੇਡਾ ਫੇਰੀ ਸਮੇਂ ਨੂਚਿਨ ਕੈਬਨਿਟ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਉਹ 'ਬਿਜ਼ਨਸ ਕੌਂਸਲ ਆਫ ਕੈਨੇਡਾ' ਵੱਲੋਂ ਆਯੋਜਿਤ ਈਵੈਂਟ ਵਿੱਚ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਕੁੱਝ ਮਹੀਨੇ ਪਹਿਲਾਂ ਅਮਰੀਕਾ ਦੇ ਖਜ਼ਾਨਾ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਨੂਚਿਨ ਇਸ ਤੋਂ ਪਹਿਲਾਂ ਵੀ ਚਾਰ ਵਾਰ ਮੌਰਨਿਊ ਨਾਲ ਮੁਲਾਕਾਤ ਕਰ ਚੁੱਕੇ ਹਨ।
ਨਾਫਟਾ ਬਾਰੇ ਮੁੜ ਗੱਲਬਾਤ ਹੋਣ ਦੇ ਬਣ ਰਹੇ ਆਸਾਰਾਂ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀ ਸੰਵੇਦਨਸ਼ੀਲ ਗੱਲਬਾਤ ਅੱਗੇ ਵੀ ਹੁੰਦੀ ਰਹੇਗੀ। ਇਸ ਹਫਤੇ ਦੇ ਸ਼ੁਰੂ ਵਿੱਚ ਮੌਰਨਿਊ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਨਾਫਟਾ ਬਾਰੇ ਹੋਣ ਵਾਲੀ ਗੱਲਬਾਤ ਦੇ ਮੱਦੇਨਜ਼ਰ ਨੂਚਿਨ ਨਾਲ ਉਨ੍ਹਾਂ ਖੇਤਰਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ ਜਿੱਥੇ ਦੋਵੇਂ ਦੇਸ਼ ਰਲ ਕੇ ਕੰਮ ਕਰ ਸਕਦੇ ਹਨ।
ਮੌਰਨਿਊ ਨੇ ਕਿਹਾ,'' ਅਸੀਂ ਪਹਿਲਾਂ ਵੀ ਕਈ ਵਾਰੀ ਮੁਲਾਕਾਤ ਕਰ ਚੁੱਕੇ ਹਾਂ। ਇਸ ਸ਼ੁੱਕਰਵਾਰ ਨੂੰ ਤਾਂ ਅਸੀਂ ਪਿਛਲੀ ਗੱਲਬਾਤ ਨੂੰ ਹੀ ਇੱਕ ਤਰ੍ਹਾਂ ਅੱਗੇ ਵਧਾਂਵਾਂਗੇ। ਇਹ ਦੋਵੇਂ ਆਗੂ ਗਲੋਬਲ ਚੁਣੌਤੀਆਂ ਦੇ ਮੱਦੇਨਜ਼ਰ ਅਰਥਚਾਰਿਆਂ ਨੂੰ ਹੋਰ ਵਿਕਸਤ ਕਰਨ ਲਈ ਵਿਚਾਰ ਵਟਾਂਦਰਾ ਵੀ ਕਰਨਗੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਆਗੂ ਕੈਨੇਡਾ ਤੇ ਅਮਰੀਕਾ ਵਿੱਚ ਟੈਕਸ ਸੁਧਾਰ, ਬੁਨਿਆਦੀ ਢਾਂਚੇ ਨੂੰ ਸੰਵਾਰਨ, ਫਾਇਨਾਂਸ਼ੀਅਲ ਰੈਗੂਲੇਟਰੀ ਮੁੱਦਿਆਂ, ਦੁਵੱਲੇ ਕਾਰੋਬਾਰ ਅਤੇ ਨਾਫਟਾ ਬਾਰੇ ਥੋੜ੍ਹੀ ਗੱਲਬਾਤ ਕਰਨਗੇ।
ਈਰਾਨ ਨੇ 25 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
NEXT STORY