ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਦੇ ਤੌਰ 'ਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਡੇਵਿਡ ਮਾਲਪਾਸ ਨੂੰ ਨਾਮਜ਼ਦ ਕੀਤਾ ਹੈ। ਜੇਕਰ ਵਿਸ਼ਵ ਬੈਂਕ ਸਮੂਹ ਦੇ ਨਿਦੇਸ਼ਕ ਉਨ੍ਹਾਂ ਦੇ ਪੱਖ ਵਿਚ ਵੋਟਿੰਗ ਕਰਦੇ ਹਨ ਤਾਂ ਉਹ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਤੌਰ 'ਤੇ ਜਿਮ ਯੋਂਗ ਕਿਮ ਦੀ ਜਗ੍ਹਾ ਲੈਣਗੇ। ਇਸ ਅਹੁਦੇ 'ਤੇ ਆਮਤੌਰ 'ਤੇ ਅਮਰੀਕੀ ਨਾਗਰਿਕ ਹੀ ਬੈਠਦੇ ਆਏ ਹਨ। ਅੰਤਰਰਾਸ਼ਟਰੀ ਮੁਦਰਾ ਫੰਡ ਦੇ ਪ੍ਰਬੰਧ ਨਿਦੇਸ਼ਕ ਦਾ ਅਹੁਦਾ ਯੂਰਪ ਲਈ ਹੈ। ਵਿਸ਼ਵ ਬੈਂਕ ਵਿਚ ਵੱਖ-ਵੱਖ ਦੇਸ਼ਾਂ ਦੇ ਵੋਟ ਨੂੰ ਧਿਆਨ ਵਿਚ ਰੱਖਦੇ ਹੋਏ ਮਾਲਪਾਸ ਦੇ ਨਾਮ ਦੀ ਪੁਸ਼ਟੀ ਸਿਰਫ ਇਕ ਰਸਮ ਹੈ।
ਟਰੰਪ ਨੇ ਬੁੱਧਵਾਰ ਨੂੰ ਮਾਲਪਾਸ ਦੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ 'ਵਿਸ਼ੇਸ਼ ਵਿਅਕਤੀ' ਅਤੇ ਅਜਿਹਾ ਵਿਅਕਤੀ ਦੱਸਿਆ ਜੋ ਅਹੁਦੇ ਲਈ ਇਕਦਮ ਯੋਗ ਹੈ। ਅੰਤਰਰਾਸ਼ਟਰੀ ਮਾਮਲਿਆਂ ਲਈ ਵਿੱਤ ਵਧੀਕ ਸਕੱਤਰ ਦੇ ਤੌਰ 'ਤੇ 62 ਸਾਲਾ ਮਾਲਪਾਸ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦਾ ਕੰਮਕਾਜ ਦੇਖਦੇ ਹਨ। ਅੰਤਰਰਾਸ਼ਟਰੀ ਰੂਪ ਨਾਲ ਮਸ਼ਹੂਰ ਅਰਥਸ਼ਾਸਤਰੀ ਮਾਲਪਾਸ ਦੇ ਕੋਲ ਅਰਥਸ਼ਾਸਤਰ, ਵਿੱਤ, ਸਰਕਾਰ ਅਤੇ ਵਿਦੇਸ਼ ਨੀਤੀ ਵਿਚ 40 ਸਾਲ ਦਾ ਅਨੁਭਵ ਹੈ।
ਜੌਰਜਟਾਊਨ ਯੂਨੀਵਰਸਿਟੀ ਦੇ ਵੱਕਾਰੀ ਸਕੂਲ ਆਫ ਫੌਰੇਨ ਸਰਵਿਸ ਤੋਂ ਅੰਤਰਰਾਸ਼ਟਰੀ ਅਰਥਸ਼ਾਸਤਰ ਵਿਚ ਡਿਗਰੀ ਪਾਉਣ ਦੇ ਬਾਅਦ ਮਾਲਪਾਸ ਨੇ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਵਿਚ ਡਿਪਟੀ ਸਹਾਇਕ ਵਿੱਤ ਮੰਤਰੀ ਅਤੇ ਰਾਸ਼ਟਰਪਤੀ ਜੌਰਜ ਐੱਚ. ਡਬਲਊ. ਬੁਸ਼ ਦੇ ਕਾਰਜਕਾਲ ਵਿਚ ਡਿਪਟੀ ਸਹਾਇਕ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਕੰਮ ਕੀਤਾ। ਟਰੰਪ ਨੇ ਕਿਹਾ,''ਦੀ ਵਾਲ ਸਟ੍ਰੀਟ ਜਰਨਲ ਨੇ ਵੀਰਵਾਰ ਨੂੰ ਇਕ ਸੰਪਾਦਕੀ ਵਿਚ ਕਿਹਾ ਕਿ ਡੇਵਿਡ ਮਾਲਪਾਸ ਬਿਹਤਰੀਨ ਪਸੰਦ ਹੈ। ਅਮਰੀਕਾ ਵਿਸ਼ਵ ਬੈਂਕ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਦਿੰਦਾ ਹੈ। ਉਹ ਉਸ ਨੂੰ ਹਰੇਕ ਸਾਲ ਇਕ ਅਰਬ ਡਾਲਰ ਦੀ ਰਾਸ਼ੀ ਦਿੰਦਾ ਹੈ।''
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮਾਲਪਾਸ ਲੰਬੇਂ ਸਮੇਂ ਤੋਂ ਵਿਸ਼ਵ ਬੈਂਕ ਵਿਚ ਜਵਾਬਦੇਹੀ ਦੇ ਸਖਤ ਸਮਰਥਕ ਰਹੇ ਹਨ। ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਟਰੰਪ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਤੌਰ 'ਤੇ ਮਾਲਪਾਸ ਨੂੰ ਨਾਮਜ਼ਦ ਕਰ ਕੇ ਬਿਹਤਰੀਨ ਵਿਅਕਤੀ ਚੁਣਿਆ ਹੈ। ਚੋਣ ਪ੍ਰਕਿਰਿਆ ਵਿਚ ਟਰੰਪ ਦੀ ਬੇਟੀ ਅਤੇ ਸੀਨੀਅਰ ਰਾਸ਼ਟਰਪਤੀ ਸਲਾਹਕਾਰ ਇਵਾਂਕਾ ਟਰੰਪ ਨੇ ਮਨੁਚਿਨ ਦੀ ਮਦਦ ਕੀਤੀ। ਇਵਾਂਕਾ ਟਰੰਪ ਨੇ ਕਿਹਾ,''ਵਿਸ਼ਵ ਬੈਂਕ ਦੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਬਾਰੇ ਵਿਚ ਡੇਵਿਡ ਦੀ ਵਿਆਪਕ ਜਾਣਕਾਰੀ ਉਨ੍ਹਾਂ ਨੂੰ ਇਸ ਮਹਾਨ ਸੰਸਥਾ ਦਾ ਯੋਗ ਪ੍ਰਬੰਧਕ ਬਣਾਉਂਦੀ ਹੈ।''
ਵਿੱਤ ਮੰਤਰਾਲੇ ਵਿਚ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਮਾਲਪਾਸ ਨੇ ਵੱਡੇ ਵਿਕਾਸ ਰਿਣਦਾਤਿਆਂ ਨੂੰ ਬੇਕਾਰ ਅਤੇ ਅਪ੍ਰਭਾਵੀ ਦੱਸਦਿਆਂ ਆਲੋਚਨਾ ਕੀਤੀ ਅਤੇ ਸੁਧਾਰਾਂ ਦੀ ਅਪੀਲ ਕੀਤੀ। ਹੁਣ ਜਦੋਂ ਉਹ ਵਿਸ਼ਵ ਬੈਂਕ ਦੀ ਵਿਰਾਸਤ ਸੰਭਾਲਣ ਵਾਲੇ ਹਨ ਤਾਂ ਉੱਥੇ ਉਹ ਆਪਣੀ ਨੀਤੀਆਂ ਦੀ ਛਾਪ ਛੱਡ ਸਕਦੇ ਹਨ। ਉਨ੍ਹਾਂ ਨੇ ਸਾਲ 2017 ਵਿਚ ਕਾਂਗਰਸ ਸਾਹਮਣੇ ਗਵਾਹੀ ਵਿਚ ਕਿਹਾ ਸੀ ਕਿ ਵਿਸ਼ਵ ਬੈਂਕ ਜਿਹੀਆਂ ਸੰਸਥਾਵਾਂ ਬਹੁਤਾ ਪੈਸਾ ਖਰਚ ਕਰਦੀਆਂ ਹਨ ਪਰ ਉਹ ਬਹੁਤ ਪ੍ਰਭਾਵਸ਼ਾਲੀ ਨਹੀਂ ਹਨ। ਉਨ੍ਹਾਂ ਨੇ ਕਿਹਾ ਸੀ,''ਉਹ ਅਕਸਰ ਕਰਜ਼ ਦੇਣ ਵਿਚ ਭ੍ਰਿਸ਼ਟ ਹੁੰਦੀਆਂ ਹਨ ਅਤੇ ਉਹ ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਲਾਭ ਨਹੀਂ ਦਿੰਦਿਆਂ ਜਿਨ੍ਹਾਂ ਨੂੰ ਅਸਲ ਵਿਚ ਉਸ ਦੀ ਲੋੜ ਹੁੰਦੀ ਹੈ।''
ਪ੍ਰੋਗਰਾਮਰ ਨੇ ਏ.ਟੀ.ਐੱਮ. ਦੀ ਖਾਮੀ ਦਾ ਫਾਇਦਾ ਚੁੱਕ ਕੱਢਵਾਏ 7.15 ਕਰੋੜ ਰੁਪਏ
NEXT STORY