ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਇਲੈਕਟ੍ਰਿਕ ਸਕੂਟਰਾਂ, ਇਲੈਕਟ੍ਰਿਕ ਬਾਈਕ, ਹੋਵਰਬੋਰਡਸ ਅਤੇ ਮਾਈਕਰੋ-ਮੋਬਿਲਿਟੀ ਵਾਹਨਾਂ ਨਾਲ ਜੁੜੇ ਹਾਦਸਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਯੂ ਐੱਸ ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ (ਸੀ ਪੀ ਐੱਸ ਸੀ) ਦੇ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਇਨ੍ਹਾਂ ਇਲੈਕਟ੍ਰਿਕ ਛੋਟੇ ਵਾਹਨਾਂ ਦੀ ਵਰਤੋਂ ਨਾਲ ਲੱਗੀਆਂ ਸੱਟਾਂ ’ਚ ਤਕਰੀਬਨ 70% ਵਾਧਾ ਹੋਇਆ ਹੈ। ਇਸ ਏਜੰਸੀ ਅਨੁਸਾਰ ਥੋੜ੍ਹੀ ਦੂਰੀ ਦੀ ਆਵਾਜਾਈ ਲਈ ਬੈਟਰੀ ਨਾਲ ਚੱਲਣ ਵਾਲੇ ਇਨ੍ਹਾਂ ਸਾਧਨਾਂ ਦੀ ਵਰਤੋਂ ਨਾਲ 2017 ਤੋਂ 2020 ਵਿਚਕਾਰ 190,000 ਤੋਂ ਵੱਧ ਲੋਕਾਂ ਹਸਪਤਾਲ ਪਹੁੰਚੇ ਹਨ ਅਤੇ ਘੱਟੋ ਘੱਟ 71 ਦੀ ਮੌਤ ਵੀ ਹੋਈ ਹੈ।
ਇਨ੍ਹਾਂ ਵਾਹਨਾਂ ਨਾਲ ਜੁੜੀਆਂ ਸੱਟਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ 2017 ਵਿਚ 34,000 ਅਤੇ ਪਿਛਲੇ ਸਾਲ 57,800 ਲੋਕ ਹਸਪਤਾਲ ਗਏ।
ਸੀ. ਪੀ. ਐੱਸ. ਸੀ. ਨੇ ਦੱਸਿਆ ਕਿ ਵਧੇਰੇ ਲੋਕਾਂ ਨੂੰ ਸੱਟ ਲੱਗਣ ਦਾ ਸਭ ਤੋਂ ਵੱਧ ਕਾਰਨ ਈ-ਸਕੂਟਰ ਹਨ। ਪਿਛਲੇ ਸਾਲ 25,400 ਹਾਦਸੇ ਈ ਸਕੂਟਰ ਦੀ ਵਰਤੋਂ ਨਾਲ ਹੋਏ, ਜੋ 2017 ਵਿਚ 7,700 ਸਨ। ਏਜੰਸੀ ਅਨੁਸਾਰ ਛੋਟੇ, ਤੇਜ਼, ਬਿਨਾਂ ਆਵਾਜ਼, ਬਿਜਲੀ ਨਾਲ ਚੱਲਣ ਵਾਲੇ ਸਕੂਟਰ ਆਲੇ-ਦੁਆਲੇ ਘੁੰਮਣ ਦਾ ਇਕ ਮਜ਼ੇਦਾਰ ਅਤੇ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੇ ਹਨ ਪਰ ਇਸ ਦੀ ਅਸੁਰੱਖਿਅਤ ਸਵਾਰੀ ਅਤੇ ਟੱਕਰ ਕਾਰਨ ਗੰਭੀਰ ਸੱਟ ਜਾਂ ਮੌਤ ਹੋ ਸਕਦੀ ਹੈ। ਇਸ ਲਈ ਏਜੰਸੀ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਈ ਸਕੂਟਰਾਂ ਆਦਿ ਦੀ ਸਵਾਰੀ ਕਰਦੇ ਸਮੇਂ ਹੈਲਮੇਟ ਦੀ ਵਰਤੋਂ ਕਰਨ ਦੇ ਨਾਲ ਸੜਕ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ।
ਅਮਰੀਕਾ ਦੇ ਸਕੂਲ ਕਰ ਰਹੇ ਹਨ ਭੋਜਨ ਸਪਲਾਈ ਦੀ ਸਮੱਸਿਆ ਦਾ ਸਾਹਮਣਾ
NEXT STORY